ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਮਰਪਿਤ ਦਿਵਸ ਮਨਾਇਆ

ਮੋਗਾ 13 ਫਰਵਰੀ (ਜਸ਼ਨ ): ਜ਼ਿਲੇ ਦੀ ਉਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਅਤੇ ਦੇਸ਼ ਦੇ ਰਾਖਿਆਂ ਨਾਲ ਜੋੜਨ ਦੇ ਉਦੇਸ਼ ਨਾਲ 14 ਫਰਵਰੀ 2023 ਦਾ ਦਿਨ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਮਰਪਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਾਥਨਾ ਸਭਾ ਵਿਚ ਦੇਸ਼ ਭਗਤੀ ਦੇ ਗੀਤ ਗਾਏ ਗਏ। ਮੈਡਮ ਪ੍ਰੋਮਿਲਾ ਨੇ ਪੁਲਵਾਮਾ ਹਮਲੇ ਦਾ ਇਤਿਹਾਸ ਸਭ ਨਾਲ ਸਾਂਝਾ ਕੀਤਾ ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਦੇ ਰਾਖੇ ਦਿਨ-ਰਾਤ ਸਾਡੇ ਲਈ ਸਰਹੱਦਾਂ ਤੇ ਪਹਿਰੇ ਦਿੰਦੇ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪੱਛਮੀ ਤਿਉਹਾਰਾਂ ਨੂੰ ਮਨਾਉਣ ਦੀ ਬਜਾਏ ਸਾਨੂੰ ਆਪਣੇ ਦੇਸ਼ ਦੇ ਵੀਰਾਂ ਦੀਆਂ ਸ਼ਹੀਦੀਆਂ ਦੇ ਦਿਨ ਯਾਦ ਰੱਖਣੇ ਚਾਹੀਦੇ ਹਨ ਕਿਉਂਕਿ ਦੇਸ਼ ਦੇ ਸਿਪਾਹੀ ਸਾਡੇ ਸੱਚੇ ਹੀਰੋ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਇਸ ਦਿਵਸ ਨੂੰ ਸਮਰਪਤ ਕੈਂਡਲ ਮਾਰਚ ਕੱਢਿਆ ਗਿਆ। ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਡੇ ਧਾਰਮਿਕ ਤਿਉਹਾਰਾਂ ਦੇ ਨਾਲ-ਨਾਲ ਰਾਸ਼ਟਰੀ ਤਿਉਹਾਰਾਂ ਤੇ ਦੇਸ਼ ਦੀ ਰਾਖੀ ਕਰਨ ਵਾਲੇ ਤੇ ਸ਼ਹੀਦ ਹੋਣ ਵਾਲਿਆਂ ਦੇ ਦਿਵਸ ਮਨਾਏ ਜਾਂਦੇ ਹਨ ਤਾਂ ਜੋ ਸਾਡੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਇਕ ਚੰਗੇ ਨਾਗਰਿਕ ਬਣ ਸਕਣ।