‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਅਤੇ ਪਰਿਵਾਰ ਪ੍ਰਬੋਧਨ ਮੋਗਾ ਵਲੋਂ ਡਾ. ਰਜਿੰਦਰ ਅਤੇ ਸਮੂਹ ਮੈਂਬਰਾਂ ਨੇ, ਗੋਦ ਲਈਆਂ 11 ਧੀਆਂ ਅਤੇ ਮਾਪਿਆਂ ਨਾਲ ਬੱਚੀਆਂ ਦੀ ਪਰਵਰਿਸ਼ ਲਈ ਕੀਤੀ ਵਿਚਾਰ ਚਰਚਾ
ਮੋਗਾ, 28 ਜਨਵਰੀ (ਜਸ਼ਨ): ਮਾਈ ਮੋਗਾ ਵੈਲਫੇਅਰ ਸੋਸਾਇਟੀ ਅਤੇ ਪਰਿਵਾਰ ਪ੍ਰਬੋਧਨ ਮੋਗਾ ਵਲੋਂ ਕਰਵਾਏ ਇਕ ਸਾਝਾਂ ਸਮਾਗਮ ਚੇਅਰਪਰਸਨ ਡਾ. ਰਜਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਐਨ ਆਰ ਆਈ ਜਗਦੀਪ ਸਿੰਘ ਖੇਲ੍ਹਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਸਮਾਗਮ ਦੌਰਾਨ ਚੇਅਰਪਰਸਨ ਡਾ. ਰਜਿੰਦਰ ਕੌਰ ਨੇ 11 ਗੋਦ ਲਈਆਂ ਲੜਕੀਆਂ ਨੂੰ ‘ਸੁਕੰਨਿਆ ਸਮਰਿਧੀ ਯੋਜਨਾ ’ ਤਹਿਤ ਉਹਨਾਂ ਦੇ ਖਾਤਿਆਂ ਵਿਚ ਚੌਥੀ ਕਿਸ਼ਤ ਪਾ ਕੇ ਖਾਤੇ ਦੀਆਂ ਕਾਪੀਆਂ ਬੱਚੀਆਂ ਦੀਆਂ ਮਾਵਾਂ ਨੂੰ ਤਕਸੀਮ ਕੀਤੀਆਂ।
ਇਸ ਮੌਕੇ ਪਰਿਵਾਰ ਪ੍ਰਬੋਧਨ ਦੀ ਸਟੇਟ ਕਮੇਟੀ ਦੀ ਮੈਂਬਰ, ਡਾ: ਰਜਿੰਦਰ ਨੇ ਆਖਿਆ ਕਿ ਪਰਿਵਾਰ ਪ੍ਰਬੋਧਨ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਪੇਂਡੂ ਇਲਾਕੇ ਅਤੇ ਮੋਗਾ ਸ਼ਹਿਰ ਦੇ ਬਾਹਰਲੇ ਖੇਤਰ ਦੀਆਂ ਬੱਚੀਆਂ ਨੂੰ ਪਹਿਲ ਦੇ ਆਧਾਰ ’ਤੇ ਸਮਾਜ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਆਮ ਲੋਕਾਂ ਵਿਚ ਸਾਂਝੇ ਪਰਿਵਾਰਾਂ ਅਤੇ ਬਜ਼ੁਰਗਾਂ ਦੇ ਸਤਿਕਾਰ ਲਈ ਪ੍ਰੇਰਿਤ ਕਰਨ ਵਾਸਤੇ ਮੁਹਿੰਮ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਅੱਜ ਬੱਚੀਆਂ ਦੇ ਮਾਪਿਆਂ ਨਾਲ ਵਿਚਾਰ ਚਰਚਾ ਦੌਰਾਨ ਬੱਚੀਆਂ ਨੂੰ ਘਰ ਵਿਚ ਅਜਿਹਾ ਮਾਹੌਲ ਦੇਣ ਲਈ ਜਾਗਰੂਕ ਕੀਤਾ ਗਿਆ ਜਿਸ ਸਦਕਾ ਇਹ ਬੱਚੀਆਂ ਭਵਿੱਖ ਵਿਚ ਆਪਣੇ ਪਰਿਵਾਰਾਂ ਅਤੇ ਸਮਾਜ ਲਈ ਇਕ ਮਿਸਾਲ ਬਣ ਸਕਣ ਅਤੇ ਨਾਲ ਦੀ ਨਾਲ ਸਿੱਖਿਆ ਲਈ ਵੀ ਘਰ ਵਿਚ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਐਨ ਆਰ ਆਈ ਜਗਦੀਪ ਸਿੰਘ ਖੇਲ੍ਹਾ ਨੇ ‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਦੀ ਪ੍ਰਧਾਨ ਡਾ: ਰਜਿੰਦਰ ਕੌਰ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਅਖਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਮੰਤਵ ਲੜਕੀਆਂ ਦੇ ਮਾਪਿਆਂ ਨੂੰ ਕਮਜ਼ੋਰ ਆਰਥਿਕ ਹਾਲਾਤਾਂ ਦੇ ਚੱਲਦਿਆਂ ਵੀ ਆਪਣੀਆਂ ਬੱਚੀਆਂ ਨੂੰ ਸਿੱਖਿਅਤ ਅਤੇ ਸਸ਼ੱਕਤ ਕਰਨ ਦਾ ਇਕ ਮੌਕਾ ਦੇਣਾ ਹੈ। ਉਹਨਾਂ ਆਖਿਆ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਦਾ ਮਕਸਦ ਵੀ ਇਹੀ ਹੈ ਕਿ ਬੱਚੀਆਂ ਨਿਸ਼ਚਿੰਤ ਹੋ ਕੇ ਪੜ੍ਹ ਵੀ ਸਕਣ ਅਤੇ ਉਹਨਾਂ ਦੇ ਵਿਆਹਾਂ ਦਾ ਬੋਝ ਵੀ ਮਾਪਿਆਂ ’ਤੇ ਨਾ ਰਹੇ।
ਸਮਾਗਮ ਦੌਰਾਨ ਡਾ. ਪਰਮਿੰਦਰ ਕੌਰ ਜੌਹਲ, ਡਾ. ਵਰਿੰਦਰ ਕੌਰ ਕੈਂਥ, ਜਸਪ੍ਰੀਤ ਕੌਰ ਢਿੱਲੋਂ, ਦਰਸ਼ਨ ਸਿੰਘ ਖੇਲਾ, ਭਵਦੀਪ ਕੌਰ ਸਿਲਕੀ ਕੋਹਲੀ, ਗਗਨਦੀਪ ਕੌਰ, ਅਨੁ ਗੁਲਾਟੀ, ਰਜਿੰਦਰ ਬਾਬੂ, ਸੁਮਨ ਮਲਹੋਤਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪਰਿਵਾਰ ਪ੍ਰਬੋਧਨ ਦੀ ਸਟੇਟ ਕਮੇਟੀ ਦੀ ਮੈਂਬਰ, ਡਾ: ਰਜਿੰਦਰ ਅਤੇ ਸਮੂਹ ਮੈਂਬਰਾਂ ਨੇ ‘ਮਾਈ ਮੋਗਾ ਵੈਲਫੇਅਰ ਸੋਸਾਇਟੀ ਦੇ ਪ੍ਰੌਜੈਕਟਾਂ ਲਈ ਆਰਥਿਕ ਯੋਗਦਾਨ ਦੇਣ ਵਾਲੇ ਐਨ ਆਰ ਆਈ ਜਗਦੀਪ ਸਿੰਘ ਖੇਲ੍ਹਾ ਨੂੰ ਸਨਮਾਨਿਤ ਕੀਤਾ।