ਵਿਸ਼ਵ ਪੱਧਰ 'ਤੇ ਛਾਏ ਸਰਦਾਰ ਗਾਇਕ ਇੰਦਰਪਾਲ ਮੋਗਾ ਨੂੰ ਮੋਗੇ ਵਾਲਿਆਂ ਨੇ ਪਲਕਾਂ 'ਤੇ ਬਿਠਾਇਆ,ਕੀਤਾ ਸਨਮਾਨਿਤ

ਮੋਗਾ, 22 ਜਨਵਰੀ (ਜਸ਼ਨ): ਦੁਨੀਆਂ ਭਰ ਵਿਚ ਦਸਤਾਰ ਰਾਹੀਂ ਪੰਜਾਬੀ ਗਾਇਕ ਵਜੋਂ ਪਹਿਚਾਣ ਬਣਾਉਣ ਵਾਲੇ ਮੋਗਾ ਦੇ ਜੰਮਪਲ ਇੰਦਰਪਾਲ ਮੋਗਾ ਦੇ ਕਨੇਡਾ ਤੋਂ ਭਾਰਤ ਆਉਣ ’ਤੇ ਅੱਜ ਮੋਗਾ ਵਿਖੇ ਵੱਡੇ ਪੱਧਰ ’ਤੇ ਸਵਾਗਤ ਕੀਤਾ ਗਿਆ। ਮਾਈਕਰੋ ਗਲੋਬਲ ਮੋਗਾ ਦੇ ਹੈੱਡ ਆਫਿਸ ਵਿਖੇ ਪਹੁੰਚਣ ’ਤੇ ਐੱਮ ਡੀ ਚਰਨਜੀਤ ਸਿੰਘ ਝੰਡੇਆਣਾ ਅਤੇ ਸਕਾਈਡੌਮ ਗਰੁੱਪ ਟੋਰਾਂਟੋ ਦੇ ਚੇਅਰਮੈਨ ਸ. ਦਲਜੀਤ ਸਿੰਘ ਗੈਦੂ ਦੀ ਅਗਵਾਈ ਵਿਚ ਇੰਦਰਪਾਲ ਮੋਗਾ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਇੰਦਰਪਾਲ ਦੇ ਨਾਲ ਉਹਨਾਂ ਦੇ ਸਾਥੀ ਅਵਲਪ੍ਰੀਤ ਮੋਹੀ, ਕਰਮ ਰਾਏ ਕੇ ਆਰ  ਅਤੇ ਹਰਜੀਤ ਸਿੰਘ ਰਿੰਕੂ ਵੀ ਹਾਜ਼ਰ ਸਨ।  ਇਸ ਮੌਕੇ ਕਨੇਡਾ ਵੱਸਦੇ ਗਾਇਕ ਇੰਦਰਪਾਲ ਮੋਗਾ ਨੂੰ ਸਤਿਕਾਰ ਦਿੰਦਿਆਂ ਸਨਮਾਨ ਚਿੰਨ ਭੇਂਟ ਕੀਤੇ ਗਏ। ਇੰਦਰਪਾਲ ਮੋਗਾ ਨੇ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਨੇ ਪੱਛਮੀਂ ਸੱਭਿਅਤਾ ਦਾ ਅਸਰ ਨਹੀਂ ਕਬੂਲਿਆ ਸਗੋਂ ਪੰਜਾਬੀ ਵਿਰਸੇ ਅਤੇ ਸਿੱਖੀ ਦੀ ਬਖਸ਼ੀ ਦਸਤਾਰ ਅਤੇ ਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਅਜੋਕੇ ਦੌਰ ਦੀ ਗਾਇਕੀ ਨੂੰ ਅਪਣਾਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਉਹਨਾਂ ਦੀ ਤਮਾਮ ਉਮਰ ਇਹੀ ਕੋਸ਼ਿਸ ਰਹੇਗੀ ਕਿ ਉਹ ਆਪਣੀ ਗਾਇਕੀ ਨੂੰ ਅਸ਼ਲੀਲਤਾ ਤੋਂ ਬਚਾਈ ਰੱਖਣ ਪਰ ਉਹਨਾਂ ਮੰਨਿਆ ਕਿ ਪੰਜਾਬੀ ਸੁਭਾਅ ਮੁਤਾਬਕ ਉਹਨਾਂ ਦੇ ਗੀਤਾਂ ਵਿਚੋਂ ਪੰਜਾਬੀਆਂ ਦੀ ਬਹਾਦਰ ਕੌਮ ਦੇ ਮੁੜਕੇ ਦੀ ਖੁਸ਼ਬੋ ਜ਼ਰੂਰ ਮਹਿਸੂਸ ਹੁੰਦੀ ਹੈ, ਜਿਸ ਤੇ ਉਹਨਾਂ ਨੂੰ ਮਾਣ ਹੈ। ਇਸ ਮੌਕੇ ਮਾਈਕਰੋ ਗਲੋਬਲ ਦੇ ਐੱਮ ਡੀ ਚਰਨਜੀਤ ਸਿੰਘ ਝੰਡੇਆਣਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਹੱਥੀਂ ਖੇਡਿਆ ਮੱਲਿਆ ਇੰਦਰਪਾਲ ਮੋਗਾ ਅੱਜ ਨਾਮੀ ਗਾਇਕ ਬਣ ਗਿਆ ਹੈ । ਉਹਨਾਂ ਆਖਿਆ ਕਿ ਮਾਈਕਰੋ ਗਲੋਬਲ ਅਦਾਰਾ ਪੰਜਾਬੀਅਤ ਦੇ ਮੁਦਈ ਹਰ ਸ਼ਖਸੀਅਤ ਨੂੰ ਹਮੇਸ਼ਾ ਮਾਣ ਬਖਸ਼ਣ ਲਈ ਤੱਤਪਰ ਰਹਿੰਦਾ ਹੈ ਅਤੇ ਅੱਜ ਇੰਦਰਪਾਲ ਮੋਗਾ ਨੂੰ ਸਨਮਾਨਿਤ ਕਰਕੇ ਮੋਗਾ ਵਾਸੀਆਂ ਦਾ ਮਾਣ ਵਧਾਇਆ ਹੈ । ਇਸ ਮੌਕੇ ਦੂਰਦਰਸ਼ਨ ਦੇ ਡਰਾਮਾ ਕਲਾਕਾਰ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਆਖਿਆ ਕਿ ਪੰਜਾਬੀਆਂ ਨੇ ਕਲਾ ਦੇ ਖੇਤਰ ਵਿਚ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇੰਦਰਪਾਲ ਮੋਗਾ ਨੇ ਗਾਇਕੀ ਦੇ ਖੇਤਰ ਨੂੰ ਅਪਣਾਉਂਦਿਆਂ ਮੋਗਾ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਲਿਆਦਾ ਹੈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਜੀਤ ਧੰਮੂ, ਡਾ: ਜਸਵੀਰ ਸਿੰਘ, ਰਣਜੀਤ ਸਿੰਘ ਭਾਊ, ਗੁਰਜਿੰਦਰ ਸਿੰਘ ਧੰਮੂ, ਨਾਇਬ ਸਿੰਘ ਬਿੱਟੂ, ਸੁਖਵਿੰਦਰ ਸਿੰਘ ਬਮਰਾ, ਗੁਰਪ੍ਰੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਖੀਬਾ, ਡਾ: ਕਿਰਨਪਾਲ ਸਿੰਘ,ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜੂ, ਕਮਲਪ੍ਰੀਤ ਸਿੰਘ ਪੀ ਏ, ਡਾ: ਸ਼ਮਸ਼ੇਰ ਸਿੰਘ ਸਿੱਧੂ, ਰਾਜਬੀਰ ਸਿੰਘ, ਮਲਕੀਤ ਸਿੰਘ, ਹਰਜੋਤ ਸਿੰਘ ਪੁਰਬਾ ਅਤੇ ਅਗਮਜੋਤ ਸਿੰਘ ਜਸ਼ਨ ਨੇ ਵੀ ਇੰਦਰਪਾਲ ਮੋਗਾ ਦਾ ਸਵਾਗਤ ਕੀਤਾ।