ਘੱਲ ਕਲਾਂ ਦੇ ਹਰਪ੍ਰੀਤ ਸਿੰਘ ਨੇ ਆਲ ਇੰਡੀਆ ਯੂਨੀਵਰਸਿਟੀਜ਼ ਖੇਡ ਮੁਕਾਬਲਿਆਂ ਵਿੱਚ ਜਿੱਤੇ ਦੋ ਗੋਲਡ ਮੈਡਲ

* ਡਿਪਟੀ ਕਮਿਸ਼ਨਰ ਦੇ ਥਾਪੜੇ ਅਤੇ ਸਹਾਇਤਾ ਨੇ ਮੈਡਲ ਜਿੱਤਣ ਦਾ ਭਰਿਆ ਉਤਸ਼ਾਹ - ਹਰਪ੍ਰੀਤ ਸਿੰਘ

ਮੋਗਾ, 20 ਜਨਵਰੀ:  (ਜਸ਼ਨ): ਕਹਿੰਦੇ ਹਨ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਵੱਡਿਆਂ ਦਾ ਅਸ਼ੀਰਦਵਾਰ, ਸਖਤ ਮਿਹਨਤ ਅਤੇ ਦ੍ਰਿੜ ਇਰਾਦਾ ਹੋਣਾ, ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਵੱਡਿਆਂ ਦਾ ਅਸ਼ੀਰਵਾਦ ਦੇ ਨਾਲ ਨਾਲ ਜੇਕਰ ਜ਼ਿਲ੍ਹੇ ਦੇ ਉੱਚ ਪੱਧਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਵੀ ਸਾਥ ਮਿਲੇ, ਫੇਰ ਤਾਂ ਸੋਨੇ ਤੇ ਸੁਹਾਗਾ ਵਰਗਾ ਹੋ ਜਾਂਦਾ ਹੈ। ਅਜਿਹੀ ਹੀ ਕਹਾਣੀ ਜ਼ਿਲ੍ਹਾ ਮੋਗਾ ਦੇ ਪਿੰਡ ਘੱਲ ਕਲਾਂ ਦੇ ਰਹਿਣ ਵਾਲੇ 25 ਸਾਲਾ ਖਿਡਾਰੀ ਹਰਪ੍ਰੀਤ ਸਿੰਘ ਦੀ ਹੈ। ਹਰਪ੍ਰੀਤ ਸਿੰਘ ਨੇ ਆਲ ਇੰਡੀਆ ਯੂਨੀਵਰਸਿਟੀਜ਼ ਦੇ ਖੇਡ ਮੁਕਾਬਲੇ ਜਿਹੜੇ ਕਿ ਪਿਛਲੇ ਸਮੇਂ ਦੌਰਾਨ ਉੜੀਸਾ ਵਿਖੇ ਹੋਏ, ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਇਹ ਗੋਲਡ ਮੈਡਲ ਉਸਨੂੰ ਐਥਲੈਟਿਕ ਅਤੇ ਰਿਲੇਅ 400 ਮੀਟਰ ਵਿੱਚੋਂ ਮਿਲਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣ ਤੋਂ ਕੁਝ ਸਮਾਂ ਪਹਿਲਾਂ ਜਦੋਂ ਉਹ ਇਨ੍ਹਾਂ ਖੇਡਾਂ ਦੀ ਤਿਆਰੀ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ ਉਸਨੇ ਆਪਣੇ ਮਾਤਾ-ਪਿਤਾ ਸਮੇਤ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨਾਲ ਰਾਬਤਾ ਕਾਇਮ ਕਰਨ ਦਾ ਵਿਚਾਰ ਬਣਾਇਆ। ਉਸਨੇ ਕਿਹਾ ਕਿ ਉਸਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਇਰਾਦਾ ਇਸ ਲਈ ਬਣਾਇਆ ਕਿਉਂਕਿ ਉਸਨੇ ਡਿਪਟੀ ਕਮਿਸ਼ਨਰ ਜੀ ਦੇ ਮਿਲਾਪੜੇ ਅਤੇ ਚੰਗੇ ਸੁਭਾਅ ਦੇ ਬਹੁਤ ਜਿਆਦਾ ਚਰਚੇ ਸੁਣੇ ਸਨ, ਅਤੇ ਉਹ ਡਿਪਟੀ ਕਮਿਸ਼ਨਰ ਦਾ ਥਾਪੜਾ ਵੀ ਲੈਣਾ ਚਹੁੰਦਾ ਸੀ। ਉਸਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਮਿਲਣ ਮੌਕੇ ਉਨ੍ਹਾਂ ਦੇ ਬੋਲਾਂ ''ਕਾਕਾ ਤੂੰ ਮਿਹਨਤ ਜਾਰੀ ਰੱਖ ਕਿਸੇ ਵੀ ਚੀਜ਼ ਦੀ ਜਾਂ ਆਰਥਿਕ ਮੱਦਦ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਮੈਂ ਖੁਦ ਨਿੱਜੀ ਤੌਰ 'ਤੇ ਵੀ ਤੇਰੇ ਨਾਲ ਖੜ੍ਹੇ ਹਨ। ਤੇਰੀ ਤਿਆਰੀ ਵਿੱਚ ਕਿਸੇ ਵੀ ਚੀਜ਼ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ'' ਨੇ ਮੇਰੇ ਅੰਦਰ ਇੱਕ ਵਿਲੱਖਣ ਉਤਸ਼ਾਹ ਭਰਿਆ। ਜਿਸਦੇ ਸਿੱਟੇ ਵਜੋਂ ਮੈਂ ਇਨ੍ਹਾਂ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ ਹਨ।ਉਸਨੇ ਕਿਹਾ ਕਿ ਡਿਪਟੀ ਕਮਿਸ਼ਨਰ ਜੀ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਉਸਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਿਵੇਂ ਕਿ ਜਹਾਜ਼ ਦੀ ਟਿਕਟ, ਉੜੀਸਾ ਵਿਖੇ ਰਹਿਣ ਦਾ ਖਰਚਾ, ਖਾਣ-ਪੀਣ ਦਾ ਖਰਚਾ ਆਦਿ। ਉਸਨੇ ਕਿਹਾ ਕਿ ਡਿਪਟੀ ਕਮਿਸ਼ਨਰ ਜੀ ਦੇ ਇਸ ਤਰ੍ਹਾਂ ਦੇ ਸਹਿਯੋਗ ਅਤੇ ਥਾਪੜੇ ਦਾ ਉਹ ਹਮੇਸ਼ਾ ਰਿਣੀ ਰਹੇਗਾ। ਉਸਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਡਿਪਟੀ ਕਮਿਸ਼ਨਰ ਨੇ ਉਸਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਅੱਗੇ ਤੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
ਉਸਨੇ ਕਿਹਾ ਕਿ ਇਸ ਚੰਗੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਨੇ ਉਸਦਾ ਖੁਦ ਵੀ ਦਫ਼ਤਰ ਵਿਖੇ ਬੁਲਾ ਕੇ ਸਨਮਾਨ ਕੀਤਾ ਹੈ। ਸਨਮਾਨਿਤ ਕਰਨ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ ਵੀ ਮੌਜੂਦ ਸਨ।  
ਜਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਸ ਵੇਲੇ ਆਪਣੀ ਗ੍ਰੈਜੂਏਸ਼ਨ ਕਰ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ ਸਾਲ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਵੀ ਹਰਪ੍ਰੀਤ ਸਿੰਘ ਨੇ 200 ਮੀਟਰ ਅਤੇ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਹੈ, ਜਿਸ ਲਈ ਸਰਕਾਰ ਪਾਸੋਂ ਉਸਨੂੰ 20 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਸੀ।
-