ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ‘ਚ ਕੇਸਰੀ ਪੁਸ਼ਾਕਾਂ 'ਚ ਰੰਗੇ ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀ

ਜਗਰਾਉਂ 18 ਜਨਵਰੀ (ਜਸ਼ਨ) ਵਿਦਿਆਰਥੀਆਂ ਵਿੱਚ ਸਿੱਖ ਵਿਰਸੇ ਪ੍ਰਤੀ ਚੇਤਨਤਾ ਪੈਦਾ ਕਰਨ ਦੇ ਸੰਕਲਪ ਅਧੀਨ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਪ੍ਰਿ: ਸਰਬਦੀਪ ਕੌਰ ਚੌਕੀਮਾਨ ਦੀ ਦੇਖ ਰੇਖ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀ ਕੇਸਰੀ ਪੁਸ਼ਾਕਾਂ ਵਿੱਚ ਸਜ ਕੇ ਆਏ ਤੇ ਵਿਦਿਆਰਥੀਆਂ ਨੇ ਗੁਰਮਤਿ ਮਰਿਯਾਦਾ ਅਨੁਸਾਰ ਸਿੱਖ ਵਿਰਸੇ ਦੀ ਮਹਾਨਤਾ ਨੂੰ ਪੇਸ਼ ਕਰਦੀਆਂ ਕਲਾ ਪੇਸ਼ਕਾਰੀਆਂ ਕਰਕੇ ਸਭ ਦਾ ਮਨ ਮੋਹ ਲਿਆ। ਅਮ੍ਰਿਤਪਾਲ ਸਿੰਘ ਦੀ ਨਿਰਦੇਸ਼ਨਾ ਹੇਠ ਸਕੂਲ ਦੇ ਵੱਖ-ਵੱਖ ਵਿਦਿਆਰਥੀ ਕਲਾਕਾਰਾਂ ਨੇ ਦਸ ਗੁਰੂ ਸਾਹਿਬਾਨ ਨਾਲ ਸਬੰਧਤ ਲਗਭਗ 25 ਨਾਟ ਤੇ ਕੋਰਿਓਗ੍ਰਾਫੀਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਤੇ ਵਿਦਿਆਰਥੀਆਂ ਨੂੰ ਸਿੱਖ ਗੁਰੂ ਸਾਹਿਬਾਨ ਜੀ ਦੇ ਜੀਵਨ ਫਲਸਫ਼ੇ ਸਬੰਧੀ ਜਾਗਰੂਕ ਵੀ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਬਦੀਪ ਕੌਰ ਚੌਕੀਮਾਨ ਤੇ ਸਕੂਲ ਦੇ ਸਟਾਫ ਨੇ ਅਕਾਦਮਿਕ ਪੱਧਰ 'ਤੇ ਕ੍ਰਮਵਾਰ ਪਹਿਲੀਆਂ, ਦੂਜੀਆਂ ਤੇ ਤੀਜੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ,ਪੈਨ ਤੇ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ।