ਯੂਥ ਲੀਡਰਸ਼ਿਪ ਅਤੇ ਸਮੁਦਾਇਕ ਵਿਕਾਸ ਕੈਂਪ ਦਾ ਆਯੋਜਨ

ਮੋਗਾ, 17 ਜਨਵਰੀ:(ਜਸ਼ਨ):ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਅਤੇ ਸਮੁਦਾਇਕ ਵਿਕਾਸ ਕੈਂਪ ਦਾ ਆਯੋਜਨ ਰਾਜੀਵ ਗਾਂਧੀ ਰਾਸ਼ਟਰੀ ਯੁਵਾ ਸੰਸਥਾਨ ਵਿਖੇ ਕੀਤਾ ਗਿਆ।  
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੋਗਾ ਜ਼ਿਲ੍ਹੇ ਦੇ 20 ਤੋਂ ਜ਼ਿਆਦਾ ਪਿੰਡਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ। ਵੱਖ-ਵੱਖ ਵਿਭਾਗਾਂ ਅਤੇ ਯੂਨੀਵਰਸਿਟੀਆਂ ਤੋਂ ਆਏ ਮਾਹਿਰਾਂ ਨੇ ਨੌਜਵਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਮਾਜ ਵਿੱਚ ਚੰਗੇ ਇਨਸਾਨ ਅਤੇ ਵਧੀਆ ਆਗੂ ਬਣਨ ਉੱਤੇ ਵਿਸ਼ੇਸ ਧਿਆਨ ਦਿੱਤਾ ਗਿਆ। ਨੌਜਵਾਨਾਂ ਨੂੰ ਸੈਮੀਨਾਰ ਦੌਰਾਨ ਵੱਖ-ਵੱਖ ਗਤੀਵਿਧੀਆਂ ਅਤੇ ਖੇਡਾਂ ਦੁਆਰਾ ਨਵੇਂ ਨਵੇਂ ਢੰਗ ਸਿਖਾਏ ਗਏ।
ਸ੍ਰ. ਮੋਹਨ ਸਿੰਘ ਸੈਕਟਰੀ ਪ੍ਰਭ ਆਸਰਾ ਵੱਲੋਂ ਵੀ ਨੌਜਵਾਨਾਂ ਨਾਲ ਜੀਵਨ ਜਾਂਚ ਵਿਸ਼ੇ ਤੇ ਭਰਪੂਰ ਅਤੇ ਅਹਿਮ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਨੌਜਵਾਨਾਂ ਨੂੰ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਆ। ਪ੍ਰੋਗਰਾਮ ਤਹਿਤ ਨੌਜਵਾਨਾਂ ਨੇ ਫਤਹਿਗੜ੍ਹ ਸਾਹਿਬ, ਸੁਖਨਾ ਝੀਲ, ਰੋਜ਼ ਗਾਰਡਨ ਅਤੇ ਦਾਸਤਾਨ-ਏ-ਸ਼ਹਾਦਤ ਦਾ ਦੌਰਾ ਵੀ ਕੀਤਾ।
ਸਮਾਪਤੀ ਸਮਾਰੋਹ ਦੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਜਸਵਾਲ ਗੋਲਡੀ ਪਹੁੰਚੇ। ਉਨ੍ਹਾਂ ਵਿਭਾਗ ਵੱਲੋਂ ਕਰਵਾਏ ਇਸ ਉਪਰਾਲੇ ਦੀ ਪੁਰਜੋਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਅਜਿਹੇ ਕੈਂਪ ਹੀ ਨੌਜਵਾਨੀ ਨੂੰ ਸਹੀ ਸੇਧ ਪ੍ਰਦਾਨ ਕਰ ਸਕਦੇ ਹਨ। ਯੂਥ ਨੂੰ ਸਹੀ ਸੇਧ ਦੇਣ ਦੇ ਮਕਸਦ ਲਈ ਨਹਿਰੂ ਯੁਵਾ ਕੇਂਦਰ ਮੋਗਾ ਦੇ ਉਪਰਾਲੇ ਬਹੁਤ ਕਾਰਗਰ ਹਨ। ਉਨ੍ਹਾ ਇਹ ਵੀ ਕਿਹਾ ਕਿ ਯੂਥ ਵਿਕਾਸ ਬੋਰਡ ਪੰਜਾਬ ਦੇ ਨੌਜਵਾਨਾਂ ਲਈ ਕਈ ਨਵੀਂ ਤਰ੍ਹਾਂ ਦੀਆਂ ਨੀਤੀਆਂ ਤਿਆਰ ਕਰ ਰਹੀ ਹੈ ਜਿਸਦੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਭਵਿੱਖ ਵਿੱਚ ਕਾਫੀ ਪਾਇਦਾ ਹੋਣ ਵਾਲਾ ਹੈ।
ਉਨ੍ਹਾਂ ਕੈਂਪ ਵਿੱਚ ਆਏ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ। ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਵੀ ਚੇਅਰਮੈਨ ਪਰਮਿੰਦਰ ਜਸਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਇੰਦਰਜੀਤ ਸਿੰਘ ਸੋਢੀ, ਅਭਿਨਵ ਠਾਕੁਰ, ਸੈਕਸ਼ਨ ਅਫ਼ਸਰ ਰਾਜਨਨ ਗਾਡੇਕਰ, ਗੋਰਵ ਗੋੜ, ਸਤਨਾਮ ਸਿੰਘ, ਰਾਮ ਸਿੰਘ, ਅਮਨਦੀਪ ਕੌਰ, ਜਸਵੀਰ ਕੌਰ, ਪਰਦੀਪ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ।