ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਨੇ ਸਿਲਾਈ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ

*ਕਿੱਤਾਮੁਖੀ ਸਿਖਲਾਈ ਡਾ ਉਬਰਾਏ ਜੀ ਦਾ ਅਹਿਮ ਪ੍ਰੋਜੈਕਟ - ਲੂੰਬਾ
ਮੋਗਾ 17 ਜਨਵਰੀ (ਜਸ਼ਨ) : ਸਰਬੱਤ ਦਾ ਭਲਾ ਇਕਾਈ ਮੋਗਾ ਵੱਲੋਂ ਡਾ ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਜਨਵਰੀ 2014 ਤੋਂ ਮੋਗਾ ਜਿਲ੍ਹੇ ਵਿੱਚ ਕਿੱਤਾਮੁਖੀ ਸਿਖਲਾਈ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹੁਣ ਤੱਕ 5000 ਦੇ ਕਰੀਬ ਲੜਕੀਆਂ ਨੂੰ ਸਿਲਾਈ ਅਤੇ 1000 ਦੇ ਕਰੀਬ ਲੜਕੇ ਲੜਕੀਆਂ ਨੂੰ ਕੰਪਿਊਟਰ ਦਾ ਛੇ ਮਹੀਨੇ ਦਾ ਮੁਫਤ ਕੋਰਸ ਕਰਵਾਇਆ ਜਾ ਚੁੱਕਾ ਹੈ ਤੇ ਇਨ੍ਹਾਂ ਵਿੱਚੋਂ ਜਿਆਦਾਤਰ ਨੌਜਵਾਨ ਆਪਣੇ ਕਿੱਤੇ ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਅੱਜ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ 25 ਲੜਕੀਆਂ ਨੂੰ ਸਿਖਲਾਈ ਸਰਟੀਫਿਕੇਟ ਤਕਸੀਮ ਕਰਨ ਮੌਕੇ ਕੀਤਾ। ਉਹਨਾਂ ਸਾਰੇ ਸਫਲ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਇੱਕ ਅਜਿਹਾ ਗਹਿਣਾ ਹੈ ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਤੇ ਇਹ ਜਿੰਨਾ ਹੋਰਾਂ ਨਾਲ ਸਾਂਝਾ ਕੀਤਾ ਜਾਵੇ, ਉਨਾਂ ਹੀ ਵਧਦਾ ਫੁੱਲਦਾ ਹੈ, ਇਸ ਲਈ ਸਾਨੂੰ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਸਿੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿੱਤਾਮੁਖੀ ਸਿਖਲਾਈ ਡਾ ਉਬਰਾਏ ਜੀ ਦਾ ਡ੍ਰੀਮ ਪ੍ਰੋਜੈਕਟ ਹੈ, ਜਿਸ ਨੂੰ ਉਹ ਬਹੁਤ ਅਹਿਮੀਅਤ ਦਿੰਦੇ ਹਨ ਤਾਂ ਜੋ ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾ ਕੇ ਬੇਰੁਜ਼ਗਾਰੀ ਨੂੰ ਕਾਬੂ ਕੀਤਾ ਜਾ ਸਕੇ। ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ ਅਤੇ ਦਵਿੰਦਰਜੀਤ ਸਿੰਘ ਗਿੱਲ ਨੇ ਵੀ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ ਐਸ ਪੀ ਸਿੰਘ ਉਬਰਾਏ ਜੀ ਦਾ ਕਿੱਤਾਮੁਖੀ ਸਿਖਲਾਈ ਪ੍ਰੋਜੈਕਟ ਨਿਰਵਿਘਨਤਾ ਨਾਲ ਜਾਰੀ ਰੱਖਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਟਰੱਸਟੀ ਨਰਜੀਤ ਕੌਰ, ਸਮਾਜ ਸੇਵੀ ਗੁਰਨਾਮ ਸਿੰਘ ਗਾਮਾ, ਦਫਤਰ ਸਕੱਤਰ ਜਸਵੀਰ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ ਬੁੱਘੀਪੁਰਾ, ਕੰਪਿਊਟਰ ਟੀਚਰ ਸੁਖਦੀਪ ਕੌਰ ਤੋਂ ਇਲਾਵਾ ਸਿਖਿਆਰਥੀ ਵੀ ਹਾਜ਼ਰ ਸਨ।