ਸਾਹਿਤ ਸਭਾ ਜਗਰਾਉਂ ਅਮਰ ਸੂਫੀ ਤੇ ਅਵਤਾਰ ਜਗਰਾਉਂ ਨੂੰ ਨਿਵਾਜੇਗੀ ‘ਲਾਈਫ਼ ਟਾਈਮ ਅਚੀਵਮੈਟ ਪੁਰਸਕਾਰ’ ਨਾਲ

ਜਗਰਾਉਂ , 15 ਜਨਵਰੀ (ਕੁਲਦੀਪ ਲੋਹਟ ):ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ  ਹੇਠ ਹੋਈ,ਜਿਸ ਵਿੱਚ ਸਭਾ ਦੇ ਸਲਾਨਾ ਸਨਮਾਨ ਸਮਾਰੋਹ ਸਬੰਧੀ ਰੂਪ ਰੇਖਾ ਉਲੀਕੀ ਗਈ । ਸਮਾਗਮ ਲਈ 5 ਮਾਰਚ  2023 ਐਤਵਾਰ ਦਾ ਦਿਨ ਤੈਅ ਕੀਤਾ ਗਿਆ । ਹਰ ਵਰ੍ਹੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਸਬੰਧੀ ਪੁਰਸਕਾਰ ਚੋਣ ਕਮੇਟੀ ਵੱਲੋਂ  ਫੈਸਲਾ  ਸਾਂਝਾ ਕੀਤਾ ਗਿਆ ।  ਪੁਰਸਕਾਰ ਚੋਣ ਕਮੇਟੀ ਦੇ ਫ਼ੈਸਲੇ ਨੂੰ ਅੰਤਿਮ ਛੋਹਾਂ ਦਿੰਦਿਆਂ ਇਸ ਫ਼ੈਸਲੇ ਨੂੰ  ਸਭਾ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ਼ ਪ੍ਰਵਾਨ ਕੀਤਾ ਗਿਆ  । ਪੁਰਸਕਾਰ ਚੋਣ ਕਮੇਟੀ ਦੀ ਅੰਤਿਮ ਰਿਪੋਰਟ ਸਾਂਝੀ ਕਰਦਿਆਂ ਰਾਜਦੀਪ ਤੂਰ  ਨੇ ਦੱਸਿਆ ਕਿ ਮਾਤਾ ਹਰਬੰਸ ਕੌਰ ਧਾਲੀਵਾਲ ਯਾਦਗਾਰੀ ਪੁਰਸਕਾਰ ਜਸਵੰਤ ਕੰਵਲ ਗਲਪ ਪੁਰਸਕਾਰ ਸੁਪ੍ਰਸਿੱਧ ਲੇਖਕ  ਡਾ. ਹਰਪਾਲ ਸਿੰਘ ਪੰਨੂੰ ਨੂੰ ਦਿੱਤਾ ਜਾਵੇਗਾ । ਪ੍ਰਿੰਸੀਪਲ ਤਖ਼ਤ ਸਿੰਘ ਗਜ਼ਲ ਪੁਰਸਕਾਰ ਸਮਰੱਥ ਗ਼ਜ਼ਲਗੋ ਅਮਰ ਸੂਫ਼ੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ  ਹੈ । ਕਲਮ ਦੀ ਆਜ਼ਾਦੀ ਲਈ ਕਤਲ ਹੋਈਆਂ ਕਲਮਾਂ ਦੀ ਯਾਦ ਵਿੱਚ  ਪਾਸ਼ ਯਾਦਗਾਰੀ ਪੁਰਸਕਾਰ  ਸੰਤ ਸੰਧੂ ਨੂੰ  ਜਦਕਿ ਸਵਰਗਵਾਸੀ ਸੁਰਜੀਤ ਕੌਰ ਮੌਜੀ ਯਾਦਗਾਰੀ ਪੁਰਸਕਾਰ  ਕੁਲਵਿੰਦਰ ਮਿਨਿਹਾਸ ਨੂੰ ਦਿੱਤਾ ਜਾਵੇਗਾ । ਇਸਦੇ ਨਾਲ ਹੀ  ਰਜਿੰਦਰ ਰਾਜ਼ ਸਵੱਦੀ ਕਾਵਿ ਪੁਰਸਕਾਰ ਲਈ ਬਲਵਿੰਦਰ ਸੰਧੂ ਨੂੰ ਭੇਂਟ ਕੀਤਾ ਜਾਵੇਗਾ।
ਸਭਾ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਸਾਹਿਤ ਸਭਾ  ਜਗਰਾਉਂ ਦੇ ਵੱਖ ਵੱਖ ਅਹੁਦਿਆਂ ‘ਤੇ ਰਹੇ ਸਭਾ ਦੇ ਸੀਨੀਅਰ ਸਾਹਿਤਕਾਰ ਅਵਤਾਰ ਜਗਰਾਉਂ ਨੂੰ ਦਿੱਤਾ ਜਾਵੇਗਾ  ਅਤੇ ਸੰਤ ਸਿੰਘ ਯਾਦਗਾਰੀ ਪੁਰਸਕਾਰ ਨਾਟਕਕਾਰ ਤਰਲੋਚਨ ਨੂੰ ਦਿੱਤਾ ਜਾਵੇਗਾ । ਸਮਾਗਮ ਦੀ ਪ੍ਰਧਾਨਗੀ ਦਰਸ਼ਨ ਬੁੱਟਰ ਕਰਨਗੇ ਜਦਕਿ ਬੀਬਾ ਬਲਵੰਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਸਲਾਨਾ ਸਨਮਾਨ ਸਮਾਰੋਹ ਨੂੰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਸਭਾ ਦੇ ਹਾਜ਼ਰ ਮੈਂਬਰਾਂ ਵਿੱਚ  ਹਰਬੰਸ ਸਿੰਘ ਅਖਾੜਾ, ਹਰਕੋਮਲ ਬਰਿਆਰ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਮੇਜਰ ਸਿੰਘ ਸਿੰਘ ਛੀਨਾ, ਕੁਲਦੀਪ ਲੋਹਟ  , ਸੁਖਦਰਸ਼ਨ ਸਿੰਘ ਗਿੱਲ ਤੇ ਜਸਵੰਤ ਸਿੰਘ ਢਿੱਲੋਂ ਨੇ ਆਪੋ ਆਪਣੇ ਸੁਝਾਅ ਦਿੱਤੇ ।
ਸਭਾ ਵਲੋਂ ਮੋਗਾ ਦੇ ਗ਼ਜ਼ਲਗੋ ਅਮਰ ਸੂਫ਼ੀ ਨੂੰ ਪੁਰਸਕਾਰ ਲਈ ਚੁਣੇ ਜਾਣ ਤੇ, ਉਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਅਤੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ  ਸਟੇਟ ਐਵਾਰਡੀ  ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਅਮਰ ਸੂਫੀ ਦੀ ਚੋਣ, ਮੋਗਾ ਦੇ ਸਾਹਿਤਕਾਰਾਂ ਲਈ ਮਾਣ ਵਾਲੀ ਗੱਲ ਹੈ ।