ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਨਹਿਰੂ ਯੁਵਾ ਕੇਂਦਰ ਦੇ ਤਿੰਨ ਰੋਜ਼ਾ ਟਰੇਨਿੰਗ ਕੈਂਪ ਦਾ ਕੀਤਾ ਉਦਘਾਟਨ
ਮੋਗਾ, 14 ਜਨਵਰੀ (ਜਸ਼ਨ ): ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਲਗਾਏ ਤਿੰਨ ਰੋਜ਼ਾ ਟਰੇਨਿੰਗ ਆਨ ਯੂਥ ਲੀਡਰਸ਼ਿੱਪ ਅਤੇ ਕਮਿਊਂਨਿਟੀ ਡਿਵੈੱਲਪਮੈਂਟ ਪ੍ਰੋਗਰਾਮ ਦਾ ਉਦਘਾਟਨ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾਂ ਨੇ ਕੀਤਾ। ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਅਤੇ ਮੋਗਾ ਦੇ 20 ਪਿੰਡਾਂ ਦੇ ਨੌਜਵਾਨਾਂ ਨੇ ਵਿਧਾਇਕਾ ਡਾ: ਅਮਨਦੀਪ ਕੌਰ ਅਤੇ ਡਾ: ਰਾਕੇਸ਼ ਅਰੋੜਾ ਦੇ ਰਾਜੀਵ ਗਾਂਧੀ ਇੰਸਟੀਚਿਊਟ ਚੰਡੀਗੜ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਸ਼ਮਾ ਰੌਸ਼ਨ ਕਰਕੇ ਉਦਘਾਟਨੀ ਰਸਮਾਂ ਨਿਭਾਉਣ ਉਪਰੰਤ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰਾਂ ਦੇਸ਼ ਦੇ ਨੌਜਵਾਨਾਂ ਦੀ ਬਿਹਤਰੀ ਲਈ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਉਲੀਕਦੀਆਂ ਹਨ ਤਾਂ ਕਿ ਇਹਨਾਂ ਨੌਜਵਾਨਾਂ ਦੇ ਭਵਿੱਖ ਨੂੰ ਉਜਵੱਲ ਕਰਨ ਲਈ ਉਹਨਾਂ ਨੂੰ ਸਾਜ਼ਗਾਰ ਮਾਹੌਲ ਮੁਹਈਆ ਕਰਵਾਇਆ ਜਾ ਸਕੇ। ਉਹਨਾਂ ਆਖਿਆ ਕਿ ਅਜਿਹੇ ਕੈਂਪ ਨੋਜਵਾਨਾਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਸਹਾਈ ਹੁੰਦੇ ਨੇ।
ਡਾ: ਅਮਨਦੀਪ ਅਰੜਾ ਨੇ ਆਖਿਆ ਕਿ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਦੀ ਬਿਹਤਰੀ ਅਤੇ ਉਹਨਾਂ ਅੰਦਰ ਛੁਪੀ ਪ੍ਰਤੀਭਾ ਨੂੰ ਉਜਾਗਰ ਕਰਨ ਲਈ ਸਮੇਂ ਸਮੇਂ ’ਤੇ ਵੱਖ ਵੱਖ ਥਾਈਂ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਨੋਜਵਾਨਾਂ ਨੂੰ ਚਮਕੌਰ ਸਾਹਿਬ ਵਿਖੇ ਦਾਸਤਾਨੇ ਸ਼ਹਾਦਤ, ਸੁਖਨਾ ਲੇਕ ਅਤੇ ਰੋਜ਼ ਗਾਰਡਨ ਵੀ ਲਿਜਾਇਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਮੋਗਾ ਜ਼ਿਲ੍ਹੇ ਦੇ ਤਕਰੀਬਨ 20 ਪਿੰਡਾਂ ਦੇ 40 ਨੌਜਵਾਨਾਂ ਹਿੱਸਾ ਲੈ ਰਹੇ ਹਨ ਜੋ ਇਸ ਕੈਂਪ ਦੌਰਾਨ ਵੱਖ ਵੱਖ ਮਾਹਿਰਾਂ ਤੋਂ ਜਾਣਕਾਰੀ ਲੈ ਕੇ ਆਪਣੇ ਭਵਿੱਖ ਦੀ ਨਵੀਂ ਰੂਪ ਰੇਖਾ ਤਿਆਰ ਕਰਨਗੇ।