ਗੁਰਦੁਆਰਾ ਚੰਦਪੁਰਾਣਾ ਵਿਖੇ ਮਨਾਇਆ ਜਾਵੇਗਾ ਲੋਹੜੀ-ਮਾਘੀ ਦਾ ਪਵਿੱਤਰ ਤਿਉਹਾਰ- ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ, 12 ਜਨਵਰੀ (ਜਸ਼ਨ)-ਮਾਲਵੇ ਦੇ ਪ੍ਰਸਿੱਧ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਲੋਹੜੀ ਤੇ ਮਾਘੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ,ਉਪਰੰਤ ਸਜਣ ਵਾਲੇ ਧਾਰਮਿਕ ਦੀਵਾਨਾ ਵਿਚ ਭਾਈ ਇਕਬਾਲ ਸਿੰਘ ਲੰਗੇਆਣਾ ਵਾਲੇ, ਕਵੀਸ਼ਰੀ ਜਥੇ ਭਾਈ ਗੁਰਬਚਨ ਸਿੰਘ ਸ਼ੇਰਪੁਰੀ ਤੋਂ ਇਲਾਵਾ ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾਉਣਗੇ । ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੇ ਪੱਧਰ ਤੇ ਮਾਘੀ ਦਾ ਦਿਹਾੜਾ ਪੂਰੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਸ਼ੁੱਭ ਦਿਹਾੜੇ ਤੇ ਬੱਚਿਆਂ ਲਈ ਝੂਲੇ-ਚੰਡੋਲਾਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ ਅਤੇ ਸੰਗਤਾਂ ਨੂੰ ਮਾਘੀ ਦੇ ਪਵਿੱਤਰ ਪੁਰਬ ਦੇ ਇਤਿਹਾਸ ਬਾਰੇ ਦੱਸਿਆ ਜਾਵੇਗਾ । ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬੀਆਂ ਦਾ ਇਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ-ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ, ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਲੋਹੜੀ ਪੰਜਾਬ ਦੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਹੈ, ਇਸ ਤੋਂ ਬਾਅਦ ਮਾਘੀ ਦਾ ਦਿਹਾੜਾ ਆਉਣ ਦੇ ਨਾਲ ਇਸ ਤਿਉਹਾਰ ਨੂੰ ਧਾਰਮਿਕ ਤੌਰ ‘ਤੇ ਵੀ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਧਾਰਮਿਕ ਦੀਵਾਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਜਣਗੇ ।