ਮੋਗਾ ਵਿਖੇ ਕੌਮੀ ਸਿਹਤ ਮਿਸ਼ਨ ਤਹਿਤ "ਸਾਂਸ" ਮੁਹਿੰਮ ਦਾ ਰਾਜ ਪੱਧਰੀ ਸਮਾਗਮ ਕਰਵਾਇਆ
ਮੋਗਾ 11 ਜਨਵਰੀ(ਜਸ਼ਨ ) : ਕੌਮੀ ਸਿਹਤ ਮਿਸ਼ਨ ਤਹਿਤ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਜਾਗਰੂਕਤਾ ਪ੍ਰੋਗ੍ਰਾਮ 'ਸਾਂਸ' ਦੀ ਅਰੰਭਤਾ ਵਾਸਤੇ ਸਿਹਤ ਵਿਭਾਗ ਵਲੋਂ ਮੋਗਾ ਜ਼ਿਲੇ ਦੇ ਪਿੰਡ ਘੱਲ ਕਲਾਂ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ , ਡਾਕਟਰ ਰਵਿੰਦਰ ਪਾਲ ਕੌਰ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਂਸ ਮੁਹਿੰਮ ਬਾਰੇ ਬੋਲਦਿਆਂ ਡਾਕਟਰ ਰਵਿੰਦਰ ਪਾਲ ਕੌਰ ਨੇ ਆਖਿਆ ਕਿ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਮਾਪਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਆਖਿਆ ਕਿ ਹਰ ਸੰਭਵ ਕੋਸ਼ਿਸ਼ ਕਰ ਕੇ ਬੱਚਿਆਂ ਦੀ ਬਿਮਾਰੀ ਦੀ ਜਲਦੀ ਪਹਿਚਾਣ ਕਰਨ ਦੇ ਨਾਲ ਨਾਲ ਇਲਾਜ਼ ਕਰਵਾਉਣਾ ਬੇਹੱਦ ਜ਼ਰੂਰੀ ਹੈ । ਉਹਨਾਂ ਦੱਸਿਆ ਕਿ ਪੰਜਾਬ ਵਿੱਚ ਹਾਲ ਦੀ ਘੜੀ ਜਿਓਂਦੇ ਪੈਦਾ ਹੋਣ ਵਾਲੇ 1000 ਬੱਚਿਆਂ ਮਗਰ 21 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ 21 ਮੌਤਾਂ ਵਿਚੋਂ 5 ਬੱਚਿਆਂ ਦੀ ਮੌਤ ਨਿਮੋਨੀਆ ਕਾਰਨ ਹੁੰਦੀ ਹੈ। ਉਹਨਾਂ ਆਖਿਆ ਕਿ ਨਿਮੋਨੀਆ ਕਾਰਨ 1000 ਮਗਰ ਹੋਣ ਵਾਲੀਆਂ 5 ਮੌਤਾਂ ਦੀ ਗਿਣਤੀ 3 ਤੇ ਲਿਆਉਣ ਵਾਸਤੇ 2025 ਤੱਕ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਓਹਨਾ ਆਖਿਆ ਕਿ ਸਾਂਸ ਪ੍ਰੋਗ੍ਰਾਮ ਤਹਿਤ ਸਮਾਜਿਕ ਜਾਗਰੂਕਤਾ ਲਿਆ ਕੇ ਨਿਮੋਨੀਆ ਦੇ ਖਾਤਮੇ ਲਈ ਉੱਦਮ ਕਰਨ ਦੀ ਲੋੜ ਹੈ। ਇਸ ਮੌਕੇ ਸਾਂਸ ਪ੍ਰੋਗਰਾਮ ਦੇ ਨੋਡਲ ਅਫਸਰ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਰੇ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦੇ ਦੁੱਧ ਪਿਲਾਉਣ , ਬੱਚੇ ਨੂੰ ਨਿੱਘਾ ਰੱਖਣ, ਪ੍ਰਦੂਸ਼ਣ ਰਹਿਤ ਆਲਾ ਦੁਆਲਾ ਮੁਹਈਆ ਕਰਵਾਉਣ , ਨਿੱਜੀ ਸਾਫ਼ ਸਫ਼ਾਈ ਰੱਖਣ ਅਤੇ ਪੂਰਾ ਟੀਕਾਕਰਣ ਕਰਵਾਉਣ ਦੀ ਲੋੜ ਹੈ। ਉਹਨਾਂ ਆਖਿਆ ਕਿ ਇਸ ਲੜੀ ਤਹਿਤ ਪੀ ਸੀ ਵੀ ਟੀਕਾ ਲਗਵਾਉਣਾ ਅਤੇ ਸਮੇਂ ਸਿਰ ਬੱਚੇ ਦੀ ਸਿਹਤ ਦਾ ਨਿਰੀਖਣ ਕਰਵਾਉਣਾ ਵੀ ਜ਼ਰੂਰੀ ਹੈ ਅਤੇ ਜੇਕਰ ਸਮੇਂ ਸਿਰ ਬੱਚੇ ਦੀ ਬੀਮਾਰੀ ਜਿਵੇਂ ਸਾਹ ਔਖੇ ਆਉਣੇ , ਪਸਲੀਆਂ ਵੱਜਣਾ ਅਤੇ ਬੁਖਾਰ ਹੋਵੇ ਤਾਂ ਤੁਰੰਤ ਉਸਦਾ ਇਲਾਜ਼ ਜਰੂਰੀ ਹੈ । ਇਸ ਮੌਕੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੈ ਸਟੇਟ ਪ੍ਰੋਗਰਾਮ ਅਫ਼ਸਰ ਡਾਕਟਰ ਇੰਦਰਦੀਪ ਕੌਰ ਤੋਂ ਇਲਾਵਾ ਸਿਵਲ ਸਰਜਨ ਮੋਗਾ , ਡਾਕਟਰ ਇੰਦਰਵੀਰ ਸਿੰਘ. ਐੱਸ ਐਮ ਓ ਡਰੋਲੀ ਭਾਈ,ਮੋਗਾ ਜਿਲ੍ਹੇ ਦੇ ਸਮੂਹ ਐਸ ਐਮ ਓ ਸਹਿਬਾਨ, ਬਲਾਕ ਐਜੂਕੈਟਰ ਹਰਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ, ਬੀਸੀਸੀ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ, ਐਲ ਐਚ ਵੀਜ, ਐਸ ਆਈਜ, ਏ ਐਨ ਐਮ, ਸੀ ਐਚ ਓਜ, ਆਸ਼ਾ ਵਰਕਰ, ਮੇਲ ਵਰਕਰ ਹਾਜ਼ਿਰ ਰਹੇ।