ਕਿਸਾਨ ਆਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਘੇਰਿਆ ਥਾਣਾ,ਬਾਘਾਪੁਰਾਣਾ ਚੌਂਕ ‘ਚ ਲਾਇਆ ਧਰਨਾ
*ਸੁਖਮੰਦਰ ਸਿੰਘ ਡੇਮਰੂ ਦੀ ਤੁਰੰਤ ਰਿਹਾਈ ਅਤੇ ਮੁਨਸ਼ੀ ਖਿਲਾਫ ਹੋਵੇ ਕਾਰਵਾਈ -ਆਗੂ
ਬਾਘਾਪੁਰਾਣਾ,10 ਜਨਵਰੀ (ਰਾਜਿੰਦਰ ਸਿੰਘ ਕੋਟਲਾ)-ਅੱਜ ਸ਼ਾਮ ਤਕਰੀਬਨ 6 ਵਜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਥਾਣਾ ਬਾਘਾਪੁਰਾਣਾ ਘੇਰ ਲਿਆ। ਯੂਨੀਅਨ ਦੇ ਵੱਖ-ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸਕੱਤਰ ਸੁਖਮੰਦਰ ਸਿੰਘ ਡੇਮਰੂ ਹੋਰ ਕਿਸੇ ਐਕਸੀਡੈਂਟ ਕੇਸ ਦੇ ਮਸਲੇ ‘ਚ ਥਾਣਾ ਬਾਘਾਪੁਰਾਣਾ ਵਿਖੇ ਆਇਆ ਸੀ ਜਿਸਨੂੰ ਬਾਘਾਪੁਰਾਣਾ ਥਾਣੇ ਦੇ ਮੁਨਸ਼ੀ ਨੇ ਆਪਣਾ ਤਾਨਾਸ਼ਾਹੀ ਰਵੱਈਆ ਅਪਨਾਉਂਦਿਆਂ ਥਾਣੇ ਦੇ ਅੰਦਰ ਬਿਠਾ ਲਿਆ ,ਜਿਸ ਨੂੰ ਲੈ ਕੇ ਯੂਨੀਅਨ ਦੇ ਵਰਕਰਾਂ ਆਗੂਆਂ ਅਤੇ ਕਿਸਾਨਾਂ ਨੇ ਸ਼ਾਮ ਨੂੰ ਥਾਣਾ ਬਾਘਾਪੁਰਾਣਾ ਦਾ ਘਿਰਾਉ ਕਰ ਦਿੱਤਾ ।ਇਸ ਮੌਕੇ ਗੁਰਦਾਸ ਸਿੰਘ ਸੇਖਾ ਬਲਾਕ ਪ੍ਰਧਾਨ,ਅਮਰੀਕ ਸਿੰਘ ਘੋਲੀਆ,ਲਾਭ ਸਿੰਘ,ਹਰਨੇਕ ਸਿੰਘ ਡੇਮਰੂ,ਅਜੀਤ ਸਿੰਘ ਡੇਮਰੂ ਅਤੇ ਇਕਬਾਲ ਸਿੰਘ ਆਦਿ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਉਗਰਾਹਾਂ ਜੱਥੇਬੰਦੀ ਹਮੇਸ਼ਾ ਹੱਕ-ਸੱਚ ਲਈ ਲੜਦੀ ਤੇ ਅੜ੍ਹਦੀ ਆਈ ਹੈ ਅਤੇ ਲੜ੍ਹਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਜੰਗਲ ਰਾਜ ਨਹੀਂ ਚੱਲਣ ਦੇਣਗੇ।ਖਬਰ ਲਿਖੇ ਜਾਣ ਤੱਕ ਧਰਨਾਕਾਰੀ ਇਸ ਗੱਲ ‘ਤੇ ਅੜ੍ਹੇ ਹੋਏ ਸਨ ਕਿ ਸੁਖਮੰਦਰ ਸਿੰਘ ਡੇਮਰੂ ਨੂੰ ਤੁਰੰਤ ਰਿਹਅ ਕੀਤਾ ਜਾਵੇ ਅਤੇ ਬਿਨਾਂ ਵਜਾ ਉਸ ਨੂੰ ਥਾਣੇ ਅੰਦਰ ਡੱਕਣ ਵਾਲੇ ਮੁਨਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਪ੍ਰਸਾਸ਼ਨ ਵੱਲੋਂ ਥਾਣੇ ਦਾ ਗੇਟ ਬੰਦ ਕੀਤਾ ਹੋਇਆ ਸੀ।ਪੁਲਿਸ ਪ੍ਰਸਾਸ਼ਨ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ ਕਿਸਾਨ ਜੱਥੇਬੰਦੀ ਵੱਲੋਂ ਭਗਤ ਸਿੰਘ ਚੋਂਕ ਮੁਕੰਮਲ ਤੌਰ ‘ਤੇ ਧਰਨਾ ਲਾ ਕੇ ਬੰਦ ਕਰ ਦਿੱਤਾ ਗਿਆ । ਦੇਖਣ ਵਿੱਚ ਆਇਆ ਹੈ ਕਿ ਐਬੂਲੈਂਸ, ਮਰੀਜ਼ਾਂ, ਐਮਰਜੈਂਸੀ ਸਵਾਰਾਂ ਨੂੰ ਨਹੀਂ ਰੋਕਿਆ ਜਾ ਰਿਹਾ ਅਤੇ ਉਨਾਂ ਦੇ ਲੰਘਣ ਲਈ ਰਾਹ ਦਿੱਤਾ ਜਾ ਰਿਹੈ। ਖਬਰ ਲਿਖੇ ਜਾਣ ਤੱਕ ਚੋਂਕ ਵਿੱਚ ਧਰਨਾ ਜਾਰੀ ਸੀ। ਜਦ ਇਸ ਸਬੰਧੀ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿਸਾਨ ਆਗੂ ਨੇ ਆਨ ਡਿਊਟੀ ਸਾਡੇ ਵਰਦੀਧਾਰੀ ਮੁਲਾਜ਼ਮ ਨਾਲ ਸਾਰਿਆਂ ਸਾਹਮਣੇ ਦੁਰਵਿਹਾਰ ਕੀਤਾ ਜਿਸ ਕਰਕੇ ਸਾਨੂੰ ਉਕਤ ਆਗੂ ਵਿਰੁੱਧ ਕਾਰਵਾਈ ਕਰਨੀ ਪਈ।