ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਈ ਸਿਗਰਟਾਂ ਕੀਤੀਆਂ ਬਰਾਮਦ
ਮੋਗਾ 10 ਜਨਵਰੀ ( ਜਸ਼ਨ ) : ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਅਗਵਾਈ ਵਿੱਚ ਮੇਨ ਬਜਾਰ ਮੋਗਾ ਸਥਿਤ ਇੱਕ ਦੁਕਾਨ ਤੋਂ ਵੱਡੀ ਪੱਧਰ ਤੇ ਈ ਸਿਗਰਟ ਬਰਾਮਦ ਕਰਕੇ ਉਨ੍ਹਾਂ ਦੇ ਸੈਂਪਲ ਭਰ ਜਾਂਚ ਲਈ ਭੇਜ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਸੂਬੇ ਭਰ ਵਿੱਚ ਮਿਤੀ 9 ਜਨਵਰੀ ਤੋਂ 15 ਜਨਵਰੀ ਤੱਕ ਈ ਸਿਗਰਟ ਅਤੇ ਹੁੱਕਾ ਬਾਰਾਂ ਤੇ ਸਿਕੰਜਾ ਕੱਸਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਸਬ ਇੰਸਪੈਕਟਰ ਜਨਕ ਰਾਜ ਵੱਲੋਂ ਜਾਣਕਾਰੀ ਮਿਲਣ ਤੇ ਮੇਨ ਬਾਜ਼ਾਰ ਮੋਗਾ ਸਥਿਤ ਇੱਕ ਦੁਕਾਨ ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਟੀਮ ਨੂੰ 17 ਤਰ੍ਹਾਂ ਦੇ ਸ਼ੱਕੀ ਈ ਸਿਗਰਟ ਉਤਪਾਦ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ ਅੱਠ ਤਰ੍ਹਾਂ ਦੇ ਉਤਪਾਦਾਂ ਦੇ ਸੈਂਪਲ ਭਰ ਕੇ ਜਾਂਚ ਲਈ ਸਟੇਟ ਲੈਬ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਗਲੇ ਦਿਨਾਂ ਵਿੱਚ ਛਾਪੇਮਾਰੀ ਹੋਰ ਤੇਜ ਕੀਤੀ ਜਾਵੇਗੀ ਅਤੇ ਈ ਸਿਗਰਟ ਅਤੇ ਹੁੱਕਾ ਬਾਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।