ਅਕਾਲੀ ਭਾਜਪਾ ਗੱਠਜੋੜ ਦੇ ਮੁੱਦੇ ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ
ਮੋਗਾ, ੧੦ ਜਨਵਰੀ (ਜਸ਼ਨ): ਆਏ ਦਿਨ ਅਕਾਲੀ ਭਾਜਪਾ ਦੇ ਫਿਰ ਤੋਂ ਗੱਠਜੋੜ ਦੇ ਰੂਪ ਵਿਚ ਵਿਚਰਨ ਦੀਆਂ ਕਨਸੋਆਂ ਨੂੰ ਵਿਰਾਮ ਦਿੰਦਿਆਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ, ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਇਸ ਕਰਕੇ ਭਾਜਪਾ ਰਹਿੰਦੀ ਦੁਨੀਆ ਤੱਕ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ । ਅਸ਼ਵਨੀ ਸ਼ਰਮਾ ਨੇ ਕਿਹਾ ਕਿ, ਭਾਜਪਾ ਨੇ ਅਕਾਲੀ ਦਲ ਨੂੰ ਉਸ ਸਮੇਂ ਛੱਡਿਆ ਜਦੋਂ ਭਾਜਪਾ ਦੇਸ਼ ਦੀ ਕਾਇਆ ਕਲਪ ਦਾ ਸੁਪਨਾ ਦੇਖ ਰਹੀ ਸੀ ਪਰ ਹੁਣ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਰੱਖੇਗੀ। ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਤੇ ਵਸਦੀ ਜਵਾਨੀ, ਨਸ਼ੇ ਵਿਚ ਗ਼ਲਤਾਨ ਹੋ ਰਹੀ ਹੈ ਪਰ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਜਵਾਨੀ ਨੂੰ ਸੰਭਾਲਣ ਲਈ ਇੱਛਾ ਸ਼ਕਤੀ ਨਹੀਂ ਦਿਖਾਈ,ਪਰ ਹੁਣ ਸੂਬੇ ਦੇ ਲੋਕਾਂ ਦੀ ਆਸ ਭਾਜਪਾ ‘ਤੇ ਹੈ ਅਤੇ ਇਹ ਹੈ ਵੀ ਸੱਚ ਕਿ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਅਜੇਹੀ ਕੌਮੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਸੰਭਾਲ ਸਕਦੀ ਹੈ।