ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਵਿਦਿਆਰਥੀ ਲਗਾ ਰਹੇ ਹਨ ਪੂਰੇ ਉਤਸ਼ਾਹ ਨਾਲ ਕੋਚਿੰਗ ਕਲਾਸਾਂ
*ਹੁਣ 22 ਜਨਵਰੀ ਨੂੰ ਹੋਵੇਗੀ ਪ੍ਰਵੇਸ਼ ਪ੍ਰੀਖਿਆ, ਅਪਲਾਈ ਕਰਨ ਦੀ ਮਿਤੀ 12 ਜਨਵਰੀ ਤੱਕ ਵਧਾਈ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮੋਗਾ, 10 ਜਨਵਰੀ (ਜਸ਼ਨ) : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣਾਉਣ ਦੇ ਮੰਤਵ ਨਾਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਮੋਹਾਲੀ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਮੁਫ਼ਤ ਕੋਚਿੰਗ ਚਲਾਈ ਜਾ ਰਹੀ ਹੈ। ਇਹ ਕੋਚਿੰਗ ਕਲਾਸਾਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿੱਚ ਵੀ ਬੱਚੇ ਲਗਾਤਾਰ ਪੂਰੇ ਉਤਸ਼ਾਹ ਨਾਲ ਆਪਣੀਆਂ ਕੋਚਿੰਗ ਕਲਾਸਾਂ ਦਾ ਲਾਹਾ ਸੌ ਫੀਸਦੀ ਹਾਜ਼ਰੀ ਨਾਲ ਲੈ ਰਹੇ ਹਨ। ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼ ਤੋਂ ਕੋਚਿੰਗ ਲੈ ਰਹੇ 30 ਤੋਂ ਵਧੇਰੇ ਬੱਚੇ 22 ਜਨਵਰੀ, 2023 ਨੂੰ ਆਯੋਜਿਤ ਹੋ ਰਹੀ ਪ੍ਰੀਖਿਆ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੋਜ਼ਗਾਰ ਬਿਊਰੋ ਵੱਲੋਂ ਮੁਹੱਈਆ ਕਰਵਾਈ ਗਈ ਇਹ ਕੋਚਿੰਗ ਵਧੀਆ ਰੰਗ ਲਿਆਏਗੀ।
ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਇਨ੍ਹਾਂ ਕੋਚਿੰਗ ਕਲਾਸਾਂ ਦਾ ਸਮੇਂ ਸਮੇਂ ਤੇ ਰੀਵਿਊ ਕਰਕੇ ਤਸੱਲੀ ਵੀ ਪ੍ਰਗਟਾਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਇਹ ਦਾਖਲਾ ਪ੍ਰਵੇਸ਼ ਪ੍ਰੀਖਿਆ 15 ਜਨਵਰੀ, 2023 ਨੂੰ ਹੋਣੀ ਨਿਯਤ ਹੋਈ ਸੀ, ਪ੍ਰੰਤੂ ਪੰਜਾਬ ਸਰਕਾਰ ਦੀ ਸਲਾਹ 'ਤੇ ਰਾਜ ਵਿੱਚ ਜਾਰੀ ਸੀਤ ਲਹਿਰ ਕਾਰਣ ਹੁਣ 22 ਜਨਵਰੀ, 2023 ਦਿਨ ਐਤਵਾਰ ਨੂੰ ਇਹ ਪ੍ਰੀਖਿਆ ਆਯੋਜਿਤ ਕਰਵਾਈ ਜਾਵੇਗੀ। 12 ਜਨਵਰੀ, 2023 ਤੱਕ http://recruitment-portal.in ਪੋਰਟਲ ਉੱਪਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਵਿਖੇ ਕੋਚਿੰਗ ਲੈਣ ਵਾਲੇ ਬੱਚਿਆਂ ਵਿੱਚੋਂ 50 ਫੀਸਦੀ ਬੱਚਿਆਂ ਦਾ ਦੇਸ਼ ਦੀਆਂ ਸਰਬੋਤਮ ਸੁਰੱਖਿਆ ਫੌਜਾਂ ਦਾ ਹਿੱਸਾ ਬਣਨਾ ਤੈਅ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੋਜ਼ਗਾਰ ਬਿਊਰੋ ਵੱਲੋਂ ਬੱਚਿਆਂ ਦੀ ਸਿਲੈਕਸ਼ਨ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਵਿੱਚ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਬੱਚੇ ਰੋਜ਼ਾਨਾ 2 ਘੰਟੇ ਕਲਾਸ ਲਗਾ ਰਹੇ ਹਨ। ਕੋਚਿੰਗ ਦੌਰਾਨ ਬੱਚਿਆਂ ਨੂੰ ਇਕਾਂਤ ਅਤੇ ਸ਼ਾਂਤ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੱਚਿਆਂ ਵਿੱਚ ਹੋਰ ਉਤਸ਼ਾਹ ਪੈਦਾ ਕਰਨ ਲਈ, ਇਨ੍ਹਾਂ ਨੂੰ ਸੰਸਥਾ ਦਾ ਦੌਰਾ ਵੀ ਕਰਵਾਇਆ ਗਿਆ ਹੈ।