ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿੱਚ ਤੰਬਾਕੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ,ਈ ਸਿਗਰਟ, ਹੁੱਕਾ ਅਤੇ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾਂ ਬਾਰੇ ਦਿੱਤੀ ਜਾਣਕਾਰੀ

ਮੋਗਾ 10 ਜਨਵਰੀ (ਜਸ਼ਨ ) : ਪੰਜਾਬ ਸਰਕਾਰ ਵੱਲੋਂ ਈ ਸਿਗਰੇਟ, ਹੁੱਕਾ ਬਾਰਾਂ ਅਤੇ ਖੁਸ਼ਬੂਦਾਰ ਤੰਬਾਕੂ ਦੀ ਵਰਤੋਂ ਤੇ ਸਿਕੰਜਾ ਕੱਸਣ ਲਈ ਮਨਾਏ ਜਾ ਰਹੇ ਵਿਸ਼ੇਸ਼ ਹਫਤੇ ਤਹਿਤ ਅੱਜ ਸਿਵਲ ਸਰਜਨ ਮੋਗਾ ਡਾ ਰੁਪਿੰਦਰ ਕੌਰ ਦੇ ਆਦੇਸ਼ਾਂ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿਖੇ ਇੱਕ ਤੰਬਾਕੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਵਿਦਿਆਰਥੀਆਂ ਨੂੰ ਕੋਟਪਾ ਐਕਟ, ਤੰਬਾਕੂ, ਈ ਸਿਗਰਟ ਅਤੇ ਹੁੱਕੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ ਸਿਗਰੇਟ ਆਨ ਲਾਈਨ ਖਰੀਦੀ ਜਾ ਰਹੀ ਹੈ, ਜੋ ਕਿ ਇੱਕ ਚਾਰਜੇਬਲ ਪਿੰਨ ਹੈ, ਜਿਸਤੇ ਨਿਕੋਟੀਨ ਨਾਲ ਭਰੇ ਹੋਏ ਕਰਟਰਿਜ ਲੱਗੇ ਹੁੰਦੇ ਹਨ ਜੋ ਕਿ ਸਿਗਰਟ ਤੋਂ ਵੀ ਜਿਆਦਾ ਖਤਰਨਾਕ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਅਕਸਰ ਬੱਚੇ ਘਰੋਂ ਬਾਹਰ ਜਾ ਕੇ ਰਲਕੇ ਇਸ ਦਾ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁੱਕਾ ਬਾਰ ਜਿੱਥੇ ਵੱਡੀ ਪੱਧਰ ਤੇ ਕੈੰਸਰ ਵੰਡ ਰਹੇ ਹਨ, ਉਥੇ ਸਾਹ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਵਿੱਚ ਵੀ ਵਾਧਾ ਕਰ ਰਹੇ ਹਨ। ਖੁਸ਼ਬੂਦਾਰ ਤੰਬਾਕੂ ਆਮ ਤੰਬਾਕੂ ਨਾਲੋਂ ਜਿਆਦਾ ਖਤਰਨਾਕ ਹੈ, ਜੋ ਕਿ ਕੈਂਸਰ ਫੈਲਣ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ 100 ਮੀਟਰ ਦਾਇਰੇ ਵਿੱਚ ਤੰਬਾਕੂ ਪਦਾਰਥ ਵੇਚਣ ਤੇ ਪੂਰਨ ਮਨਾਹੀ ਹੈ ਅਤੇ ਤੰਬਾਕੂ ਸਿਰਫ ਤੰਬਾਕੂ ਲਈ ਨਿਰਧਾਰਿਤ ਖੋਖਿਆਂ ਤੇ ਹੀ ਵੇਚਿਆ ਜਾ ਸਕਦਾ ਹੈ। ਲੂਜ ਅਤੇ ਇੰਪੋਰਟਿਡ ਸਿਗਰਟਾਂ ਨਹੀਂ ਵੇਚੀਆਂ ਜਾ ਸਕਦੀਆਂ, ਖੋਖਾ ਮਾਲਕ ਸਿਗਰਟ ਜਲਾਉਣ ਲਈ ਮਾਚਿਸ ਜਾਂ ਲਾਈਟਰ ਨਹੀਂ ਦੇ ਸਕਦਾ। ਜਨਤਕ ਥਾਵਾਂ ਤੇ ਸਿਗਰਟਨੋਸ਼ੀ ਨਹੀਂ ਕੀਤੀ ਜਾ ਸਕਦੀ। ਤੰਬਾਕੂ ਖੋਖਾ ਮਾਲਕ ਜਰੂਰੀ ਚੇਤਾਵਨੀਆਂ ਲਿਖਣ ਦੇ ਪਾਬੰਦ ਹਨ। ਉਲੰਘਣਾ ਕਰਨ ਵਾਲਿਆਂ ਤੋਂ ਮੌਕੇ ਤੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਕਦੇ ਵੀ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਕੋਟਪਾ ਐਕਟ ਦਾ ਪਾਲਣ ਕਰਵਾਉਣ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਨ ਦਾ ਪ੍ਰਣ ਕਰਵਾਇਆ ਗਿਆ। ਪ੍ਰਿੰਸੀਪਲ ਰਾਜੇਸ਼ ਕੁਮਾਰ ਗਰਗ ਨੇ ਸਿਹਤ ਵਿਭਾਗ ਮੋਗਾ ਦੀ ਟੀਮ ਦਾ ਬਹੁਮੁੱਲੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਤੰਬਾਕੂਨੋਸ਼ੀ ਨਾ ਕਰਨ ਅਤੇ ਰੋਕਣ ਵਿੱਚ ਵਿਭਾਗ ਦੀ ਮੱਦਦ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਮਲਟੀਪਰਪਜ ਹੈਲਥ ਵਰਕਰ ਗਗਨਪ੍ਰੀਤ ਸਿੰਘ, ਵੋਕੇਸ਼ਨਲ ਟੀਚਰ ਜਗਸੀਰ ਸਿੰਘ, ਹਿੰਦੀ ਟੀਚਰ ਯਾਦਵਿੰਦਰ ਕੁਮਾਰ ਹਾਜਰ ਸਨ।