ਲਾਇਨਜ਼ ਕਲੱਬ ਮੋਗਾ ਰਾਇਲ ਨੇ ਨਵੇਂ ਸਾਲ ਮੌਕੇ ਗਊਧੰਨ ਦੀ ਸੇਵਾ ਦਾ ਪ੍ਰੌਜੈਕਟ ਆਰੰਭਿਆ
ਮੋਗਾ, 5 ਜਨਵਰੀ (ਜਸ਼ਨ): ਲਾਇਨਜ਼ ਕਲੱਬ ਮੋਗਾ ਰਾਇਲ ਦੇ ਸਮੂਹ ਮੈਂਬਰਾਂ ਨੇ ਨਵੇਂ ਸਾਲ ਦੀ ਆਮਦ ’ਤੇ ਗਊ ਸੇਵਾ ਕਰਦਿਆਂ 2023 ਸਾਲ ਦੀ ਆਰੰਭਤਾ ਕੀਤੀ। ਇਸ ਮੌਕੇ ਸੰਤ ਮਹੇਸ਼ ਮੁਨੀ ਗਊਸ਼ਾਲਾ ਬੁੱਕਣਵਾਲਾ ਵਿਖੇ ਕਲੱਬ ਦੇ ਪ੍ਰਧਾਨ ਸੰਜੀਵ ਸ਼ਰਮਾ, ਕੈਸ਼ੀਅਰ ਸੰਦੀਪ ਗਰਗ ਸੀ ਏ, ਸੈਕਟਰੀ ਮਨੋਜ ਗਰਗ ਬਿੱਟੂ, ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪ੍ਰਿੰਟਰਜ਼, ਸਮਾਜ ਸੇਵੀ ਅੰਜੂ ਸਿੰਗਲਾ, ਰਾਜੀਵ ਗੁਲਾਟੀ, ਚੰਦਰ ਸਹਿਗਲ, ਅਜੇ ਕਟਾਰੀਆ, ਸੰਜੀਵ ਕੌੜਾ, ਸੰਜੀਵ ਆਹੂਜਾ, ਦੀਪਕ ਅਰੋੜਾ ਅਤੇ ਸ਼ਮਨ ਗੋਇਲ ਨੇ ਬੁੱਕਣਵਾਲਾ ਰੋਡ ’ਤੇ ਸਥਿਤ ਗਊਸ਼ਾਲਾ ਵਿਚ ਪਹੁੰਚ ਕੇ ਗਊਧੰਨ ਦੀ ਹੱਥੀਂ ਸੇਵਾ ਕੀਤੀ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਗਊਸ਼ਾਲਾ ਲਈ ਹਰੇ ਚਾਰੇ ਦੀ ਟਰਾਲੀ ਦਾਨ ਕਰਨ ਦੇ ਨਾਲ ਨਾਲ ਗੁੜ੍ਹ , ਦਵਾਈਆਂ ਅਤੇ ਆਰਥਿਕ ਸਹਾਇਤਾ ਵੀ ਦਿੱਤੀ।
ਇਸ ਮੌਕੇ ਸੈਕਟਰੀ ਮਨੋਜ ਗਰਗ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੰਤ ਮਹੇਸ਼ ਮੁਨੀ ਗਊਸ਼ਾਲਾ ਬੁੱਕਣਵਾਲਾ ‘ਚ ਵੀ ਬੇਸਸਹਾਰਾ ਅਤੇ ਐਕਸੀਡੈਂਟ ਦੀਆਂ ਪੀੜ੍ਹਤ ਜ਼ਖਮੀਂ ਗਊਆਂ ਦੀ ਦੇਖ ਭਾਲ ਕਰਨ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਕਲੱਬ ਮੈਂਬਰ ਨਵੀਨ ਸਿੰਗਲਾ ਨੇ ਆਖਿਆ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਮਾਤਾ ਦੀ ਸੇਵਾ ਨੂੰ ਉੱਤਮ ਸੇਵਾ ਮੰਨਿਆ ਗਿਆ ਹੈ ਇਸ ਕਰਕੇ ਕਲੱਬ ਵੱਲੋਂ ਗਊਧੰਨ ਦੀ ਸੇਵਾ ਦੇ ਪ੍ਰੌਜੈਕਟ ਨੂੰ ਨੇਪਰੇ ਚਾੜ੍ਹਨ ਲਈ ਨਵੇਂ ਸਾਲ ਦੇ ਪਹਿਲੇ ਦਿਨ ਹੀ ਆਰੰਭਤਾ ਕੀਤੀ ਗਈ ਅਤੇ ਇਹ ਪ੍ਰੌਜੈਕਟ ਨਿੰਰਤਰ ਚੱਲਦਾ ਰਹੇਗਾ।