35 ਹਜ਼ਾਰ ਲੀਟਰ ਲਾਹਨ ਬਰਾਮਦ, ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਤਲੁਜ ਦਰਿਆ ਕੰਢੇ ਰੇਡ
ਮੋਗਾ, 30 ਦਸੰਬਰ: (ਜਸ਼ਨ): ਡਿਪਟੀ ਕਮਿਸ਼ਨਰ (ਐਕਸਾਈਜ਼) ਫਿਰੋਜ਼ਪੁਰ ਰੇਂਜ ਸ੍ਰੀ ਸ਼ਰਲਿਨ ਆਹਲੂਵਾਲੀਆ, ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਣਾ ਅਤੇ ਸਹਾਇਕ ਕਮਿਸ਼ਨਰ (ਐਕਸਾਈਜ਼) ਫਰੀਦਕੋਟ ਰੇਂਜ ਸ੍ਰੀ ਵਿਕਰਮ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਕਸਾਈਜ਼ ਅਫ਼ਸਰ ਮੋਗਾ ਸ੍ਰੀ ਨਵਦੀਪ ਸਿੰਘ ਅਤੇ ਆਬਕਾਰੀ ਨਿਰੀਖਕ ਧਰਮਕੋਟ ਸ੍ਰੀ ਅਜੇ ਕੁਮਾਰ ਵੱਲੋਂ ਧਰਮਕੋਟ ਦੇ ਸਤਲੁਜ ਦਰਿਆ ਉੱਪਰ ਪਿੰਡ ਚੱਕ ਭੂਰ ਅਤੇ ਤਾਰੇਵਾਲਾ ਵਿਖੇ ਰੇਡ ਕੀਤੀ ਗਈ। ਇਸ ਰੇਡ ਬਾਰੇ ਸ੍ਰੀ ਨਵਦੀਪ ਸਿੰਘ ਅਤੇ ਸ੍ਰੀ ਅਜੇ ਕੁਮਾਰ ਨੇ ਸਾਂਝੇ ਤੌਰ ਉੱਪਰ ਦੱਸਿਆ ਕਿ ਇਸ ਰੇਡ ਤੋਂ ਉਨ੍ਹਾਂ ਨੂੰ ਦੋ ਲੋਹੇ ਦੇ ਡਰੰਮ, 25 ਤਰਪਾਲਾਂ ਮਿਲੀਆਂ ਜਿੰਨ੍ਹਾਂ ਵਿੱਚ ਤਕਰੀਬਨ 35 ਹਜ਼ਾਰ ਲੀਟਰ ਲਾਹਨ ਭਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਇਸ ਲਾਹਨ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾ ਦਿੱਤਾ ਗਿਆ।ਆਪਣੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਕਿਧਰੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਪੁਲਿਸ ਵਿਭਾਗ ਅਤੇ ਐਕਸਾਈਜ਼ ਵਿਭਾਗ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਦਿਨ ਰਾਤ ਕੰਮ ਕਰ ਰਹੇ ਹਨ।