ਚੰਡੀਗੜ੍ਹ ਦੇ ਗੱਤਕੇਬਾਜ ਕੌਮੀ ਗੱਤਕਾ ਚੈੰਪੀਅਨਸ਼ਿੱਪ ਦੀ ਓਵਰਆਲ ਟਰਾਫੀ 'ਤੇ ਕਾਬਜ਼, ਪੰਜਾਬ ਨੂੰ ਦੂਜਾ ਸਥਾਨ ਤੇ ਹਰਿਆਣਾ ਨੇ ਹਾਸਲ ਕੀਤਾ ਤੀਜਾ ਸਥਾਨ
ਚੰਡੀਗੜ੍ਹ 27 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ (ਲੜਕੇ) ਚੈਂਪੀਅਨਸ਼ਿਪ ਵਿੱਚ ਮੇਜਬਾਨ ਚੰਡੀਗੜ੍ਹ ਦੇ ਗੱਤਕਾ ਖਿਡਾਰੀਆਂ ਨੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ। ਇੰਨਾ ਤਿੰਨ ਰੋਜਾ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ ਉਪ ਜੇਤੂ ਰਿਹਾ ਜਦਕਿ ਹਰਿਆਣਾ ਦੇ ਗੱਤਕੇਬਾਜਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਅਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਨੈਸ਼ਨਲ ਮੁਕਾਬਲਿਆਂ ਵਿੱਚ 15 ਰਾਜਾਂ ਦੀਆਂ ਗੱਤਕਾ ਟੀਮਾਂ ਨੇ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਉਮਰ ਵਰਗਾਂ ਵਿੱਚ ਭਾਗ ਲਿਆ। ਗੱਤਕਾ ਸੋਟੀ ਅਤੇ ਫੱਰੀ ਸੋਟੀ ਵਰਗ ਦੇ ਵਿਅਕਤੀਗਤ ਅਤੇ ਟੀਮ ਈਵੈਂਟਾਂ ਵਿੱਚ 120 ਮੈਡਲ ਜਿੱਤਣ ਲਈ 460 ਖਿਡਾਰੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਉਨਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸਾਂਝੇ ਤੌਰ ਤੇ ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਚੈਂਪੀਅਨਸ਼ਿੱਪ ਦੇ ਸੀਨੀਅਰ ਈਵੈਂਟਾਂ ਵਿੱਚ ਜਸਪ੍ਰੀਤ ਸਿੰਘ ਤੇ ਇੰਦਰਪ੍ਰੀਤ ਸਿੰਘ (ਦੋਵੇਂ ਚੰਡੀਗੜ੍ਹ) ਨੇ ਬਿਹਤਰ ਖਿਡਾਰੀ ਹੋਣ ਦਾ ਐਵਾਰਡ ਜਿੱਤਿਆ। ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਆਂਧਰਾ ਪ੍ਰਦੇਸ, ਤਾਮਿਲਨਾਡੂ, ਪੁੱਡੂਚੇਰੀ ਤੇ ਰਾਜਸਥਾਨ ਦੀਆਂ ਗੱਤਕਾ ਟੀਮਾਂ ਨੇ ਫੇਅਰ ਪਲੇ ਐਵਾਰਡ ਜਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਮੀਤ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਹਰਜਿੰਦਰ ਕੁਮਾਰ, ਇੰਟਰਨੈਸ਼ਨਲ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਸਕੱਤਰ ਬਲਜੀਤ ਸਿੰਘ, ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਨ.ਐਸ.ਠਾਕੁਰ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ ਯੋਗੀ, ਹਰਜੀਤ ਸਿੰਘ ਗਿੱਲ ਕਲਾਂ, ਪਰਦੀਪ ਸਿੰਘ ਗਰੇਵਾਲ ਮਲੇਰਕੋਟਲਾ, ਜਸਵੰਤ ਸਿੰਘ ਗੋਗਾ ਅਹਿਮਦਗੜ੍ਹ, ਬੀਬੀ ਮਨਜੀਤ ਕੌਰ ਰੂਪਨਗਰ, ਸਰਬਜੀਤ ਸਿੰਘ ਜਲੰਧਰ, ਚੰਡੀਗੜ ਤੋਂ ਨਿਖਿਲ ਸ਼ਰਮਾ, ਸਾਹਿਲ ਸ਼ਰਮਾ, ਅਜੇ ਰਾਣਾ ਆਦਿ ਹਾਜ਼ਰ ਸਨ।