ਰਿਸ਼ਵਤ ਦੇ ਦੋਸ਼ 'ਚ ਪਨਗ੍ਰੇਨ ਇੰਸਪੈਕਟਰ ਗ੍ਰਿਫਤਾਰ, ਡੇਢ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਚ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ, 26 ਦਸੰਬਰ(ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਲੁਧਿਆਣਾ ਵਿਖੇ ਤਾਇਨਾਤ ਪਨਗ੍ਰੇਨ ਦੇ ਇੰਸਪੈਕਟਰ ਕੁਨਾਲ ਗੁਪਤਾ ਨੂੰ 1,50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਇੰਸਪੈਕਟਰ ਨੂੰ ਕਰਤਾਰ ਸਿੰਘ ਐਂਡ ਸੰਨਜ਼ ਰਾਈਸ ਮਿੱਲ ਦੇ ਮਾਲਕ ਸ਼ਿਕਾਇਤਕਰਤਾ ਚਰਨਜੀਤ ਸਿੰਘ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀ ਇੰਸਪੈਕਟਰ ਨੇ ਪਿਛਲੇ ਸੀਜ਼ਨ ਲਈ ਝੋਨਾ ਅਲਾਟ ਕਰਨ ਦੇ ਬਦਲੇ ਉਸ ਤੋਂ ਅਤੇ ਪਾਰਸ ਰਾਈਸ ਮਿੱਲ ਦੇ ਮਾਲਕ ਮਹੇਸ਼ ਗੋਇਲ ਤੋਂ ਕ੍ਰਮਵਾਰ ਇਕ ਲੱਖ ਰੁਪਏ ਅਤੇ 50,000 ਰੁਪਏ ਦੀ ਰਿਸ਼ਵਤ ਲਈ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਸ਼ੈਲਰ ਡਿਫਾਲਟਰ ਹੋਣ ਕਰਕੇ ਬੰਦ ਪਏ ਸਨ ਅਤੇ ਉਨ੍ਹਾਂ ਸ਼ੈਲਰਾਂ ਦੇ ਝੋਨੇ ਦੀ ਅਲਾਟਮੈਂਟ ਦਾ ਹਿੱਸਾ ਉਸਦੀ ਰਾਈਸ ਮਿੱਲ ਅਤੇ ਮਹੇਸ਼ ਗੋਇਲ ਸਮੇਤ 10 ਹੋਰ ਸ਼ੈਲਰ ਮਾਲਕਾਂ ਵਿੱਚ ਵੰਡਿਆ ਜਾਣਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਪਨਗ੍ਰੇਨ ਦੇ ਇੰਸਪੈਕਟਰ ਨੇ ਸ਼ਿਕਾਇਤਕਰਤਾ ਅਤੇ ਮਹੇਸ਼ ਗੋਇਲ (ਦੋਵੇਂ ਸ਼ੈਲਰ ਮਾਲਕ) ਤੋਂ ਉਨ੍ਹਾਂ ਦੇ ਸ਼ੈਲਰਾਂ ਨੂੰ ਝੋਨਾ ਅਲਾਟ ਕਰਨ ਬਦਲੇ 1,50,000 ਰੁਪਏ ਦੀ ਰਿਸ਼ਵਤ ਲਈ ਸੀ।
 
ਇਸ ਸਬੰਧ ਵਿਚ ਦੋਸ਼ੀ ਇੰਸਪੈਕਟਰ ਕੁਨਾਲ ਗੁਪਤਾ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ ਨੰਬਰ 16 ਮਿਤੀ 26-12-2022 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮੁਲਜ਼ਮ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।