ਪ੍ਰਧਾਨ ਮੰਤਰੀ ਵਲੋਂ 81 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਦਾ ਫ਼ੈਸਲਾ, ਗਰੀਬਾਂ ਲਈ ਵੱਡੀ ਰਾਹਤ ਲੈ ਕੇ ਆਏਗਾ- ਡਾ. ਸੀਮਾਂਤ ਗਰਗ

ਮੋਗਾ, 25 ਦਸੰਬਰ (ਜਸ਼ਨ): "ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ 81 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਦਾ ਫ਼ੈਸਲਾ, ਗਰੀਬਾਂ ਲਈ ਵੱਡੀ ਰਾਹਤ ਲੈ ਕੇ ਆਏਗਾ " ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਨੌਜਵਾਨ ਭਾਜਪਾ ਆਗੂ ਡਾ. ਸੀਮਾਂਤ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦਿਆਂ ਸਾਰਿਆਂ ਨੂੰ ਮੁਫ਼ਤ ਅਨਾਜ ਦੇਣ ਦਾ ਐਲਾਨ ਕੀਤਾ ਹੈ ਅਤੇ  ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦੇ 81.35 ਕਰੋੜ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਇਹ ਸਹੂਲਤ 31 ਦਸੰਬਰ, 2023 ਤੱਕ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (N  F  S  A ) ਤਹਿਤ ਰਾਸ਼ਨ ਪ੍ਰਣਾਲੀ ’ਚ ਸਸਤੀਆਂ ਦਰਾਂ ’ਤੇ ਉਪਭੋਗਤਾਵਾਂ ਨੂੰ ਵੰਡੇ ਜਾਣ ਵਾਲੇ ਅਨਾਜ ਲਈ ਹੁਣ ਕਾਰਡ ਧਾਰਕਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।  ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਦੇਸ਼ ਦੀ ਦੋ-ਤਿਹਾਈ ਆਬਾਦੀ ਯਾਨੀ 81.35 ਕਰੋੜ ਲੋਕਾਂ ਨੂੰ ਕਾਫ਼ੀ ਰਿਆਇਤੀ ਦਰਾਂ ’ਤੇ ਅਨਾਜ ਮੁਹੱਈਆ ਕਰਾਇਆ ਜਾਂਦਾ ਹੈ। ਇਸ ਤਹਿਤ ਰਾਸ਼ਨ ਕਾਰਡਧਾਰਕ ਉਪਭੋਗਤਾਵਾਂ ਨੂੰ ਸਸਤੀ ਦਰ ਦੀਆਂ ਰਾਸ਼ਨ ਦੁਕਾਨਾਂ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਚੌਲ, ਦੋ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਕਣਕ ਤੇ ਇਕ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਮੋਟਾ ਅਨਾਜ ਦਿੱਤਾ ਜਾਂਦਾ ਹੈ। ਇਸ ਵਿਚ ਹਰ ਆਮ ਉਪਭੋਗਤਾ ਨੂੰ ਹਰ ਮਹੀਨੇ ਪੰਜ ਕਿਲੋ ਦੀ ਦਰ ਨਾਲ ਅਨਾਜ ਵੰਡਿਆ ਜਾਂਦਾ ਹੈ, ਜਦਕਿ ਅੰਤੋਦਿਆ ਵਰਗ ਦੇ ਉਪਭੋਗਤਾਵਾਂ ਨੂੰ ਅਨਾਜ ਦੀ ਇਹ ਮਾਤਰਾ ਸੱਤ ਕਿਲੋ ਪ੍ਰਤੀ ਵਿਅਕਤੀ ਹੁੰਦੀ ਹੈ। ਯਾਨੀ ਹਰ ਸਧਾਰਨ ਪਰਿਵਾਰ ਨੂੰ 25 ਕਿਲੋ ਤੇ ਅੰਤੋਦਿਆ ਵਰਗ ਦੇ ਪਰਿਵਾਰ ਨੂੰ 35 ਕਿਲੋ ਅਨਾਜ ਦਿੱਤਾ ਜਾਂਦਾ ਹੈ ਪਰ ਹੁਣ  ਕੇਂਦਰੀ ਮੰਤਰੀ ਮੰਡਲ ਦੇ ਇਸ ਫ਼ੈਸਲੇ ਤੋਂ ਬਾਅਦ ਕਿਸੇ ਵੀ ਉਪਭੋਗਤਾ ਤੋਂ ਰਾਸ਼ਨ ਪ੍ਰਣਾਲੀ ਦੇ ਅਨਾਜ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ।ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹਨ  ਜਿਨਾਂ ਨੇ  ਗਰੀਬਾਂ ਦੇ ਦਰਦ ਦਾ ਅਹਿਸਾਸ ਕਰਦਿਆਂ ਇਹ ਲੋਕ ਹਿਤੈਸ਼ੀ ਫ਼ੈਸਲਾ ਲਿਆ ਹੈ।