ਨਵੀਨ ਸਿੰਗਲਾ ਨੇ ਜਾਨਲੇਵਾ ਕੋਵਿਡ ਤੋਂ ਬਚਾਅ ਲਈ, ਕੋਵਿਡ ਪ੍ਰੋਟੋਕੋਲ ਅਪਨਾਉਣ ਦੀ ਕੀਤੀ ਅਪੀਲ
ਮੋਗਾ , 22 ਦਸੰਬਰ(ਜਸ਼ਨ):ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਕਾਰਨ ਭਾਰਤ ਵਿਚ ਵੀ ਕੋਵਿਡ ਵਾਇਰਸ ਵਲੋਂ ਲੋਕਾਂ ਨੂੰ ਆਪਣੀ ਜ਼ਦ ਵਿਚ ਲੈ ਲੈਣ ਦੇ ਡਰੋਂ ਸਮਾਜ ਸੇਵੀ ਸੰਸਥਾਵਾਂ ਹੁਣੇ ਤੋਂ ਸਰਗਰਮ ਹੋ ਗਈਆਂ ਨੇ । ' ਨਈਂ ਉਡਾਣ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ' ਦੇ ਪ੍ਰਧਾਨ ਸਮਾਜ ਸੇਵੀ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਚੀਨ ਅਤੇ ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਹਵਾਈ ਉਡਾਣਾਂ ਰਾਹੀਂ ਭਾਰਤ ਆ ਰਹੇ ਅੰਤਰਰਾਸ਼ਟਰੀ ਯਾਤਰੀਆਂ ਰਾਹੀਂ ਓਮਾਈਕਰੋਨ ਦਾ ਘਾਤਕ ਵੇਰੀਏਂਟ ਕਿਸੇ ਵੀ ਸਮੇਂ ਦੇਸ਼ ਵਿਚ ਤੇ ਫੇਰ ਪੰਜਾਬ ਵਿਚ ਵਿਕਰਾਲ ਰੂਪ ਧਾਰ ਸਕਦਾ ਹੈ ਇਸ ਕਰਕੇ ਸਾਨੂੰ ਸਭ ਨੂੰ ਹੁਣੇ ਤੋਂ ਕੋਵਿਡ ਪ੍ਰੋਟੋਕੋਲ ਅਪਣਾ ਕੇ ਖੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ ।
ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੰਦੇਸ਼ਾ ਹੈ ਕਿ ਇਹ ਵਾਇਰਸ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ ਜਦ ਕਿ ਇਸ ਵਾਇਰਸ ਦੀਆਂ ਘੱਟੋ-ਘੱਟ ਤਿੰਨ ਲਹਿਰਾਂ ਦੀ ਭਵਿੱਖਬਾਣੀ ਹੁਣੇ ਤੋਂ ਕੀਤੀ ਜਾ ਰਹੀ ਹੈ ।
ਨਵੀਨ ਸਿੰਗਲਾ ਨੇ ਕਿਹਾ ਕਿ ਜਦੋਂ ਪੂਰਾ ਵਿਸ਼ਵ ਹਾਈ ਅਲਰਟ 'ਤੇ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਅਤੇ ਸਿਹਤ ਵਿਭਾਗ ਨਾਲ ਸਹਿਯੋਗ ਕਰਦਿਆਂ ਹਰ ਤਰ੍ਹਾਂ ਦਾ ਪ੍ਰਹੇਜ਼ ਰੱਖੀਏ।