ਉੱਘੇ ਕਾਲਮ ਨਵੀਸ ਡਾਕਟਰ ਗੁਰਚਰਨ ਸਿੰਘ ਨੂਰਪੁਰ ਤੇ ਦਰਜ ਪੁਲਿਸ ਕੇਸ ਦੀ ਵੱਖ ਵੱਖ ਸਾਹਿਤ ਸਭਾਵਾਂ ਵੱਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ

ਬਾਘਾਪੁਰਾਣਾ 20 ਦਸੰਬਰ (ਰਾਜਿੰਦਰ ਕੋਟਲਾ )- ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਾਸੀ ਉੱਘੇ ਕਾਲਮ ਨਵੀਸ ਡਾਕਟਰ ਗੁਰਚਰਨ ਸਿੰਘ ਨੂਰਪੁਰ ਉਪਰ ਪੁਲਿਸ ਵੱਲੋਂ ਦਰਜ਼ ਕੀਤੇ ਗਏ ਪਰਚੇ ਦੀ ਇਲਾਕੇ ਦੀਆਂ ਵੱਖ ਵੱਖ ਸਾਹਿਤ ਸਭਾਵਾਂ,ਸਮਾਜ ਸੇਵੀ ਸੰਸਥਾਵਾਂ ਵੱਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਡਾਕਟਰ ਗੁਰਚਰਨ ਸਿੰਘ ਨੂਰਪੁਰ ਇੱਕ ਨੇਕ ਇਨਸਾਨ ਅਤੇ ਵਾਤਾਵਰਣ ਪ੍ਰੇਮੀ ਵਜੋਂ ਵੀ  ਜਾਣੇਂ ਜਾਂਦੇ ਵਿਅਕਤੀ ਹਨ ਜੋ ਅਕਸਰ ਹੀ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਦੀ ਚਿੰਤਾ ਜਤਾਉਦਿਆਂ ਲੋਕਾਂ ਨੂੰ ਪਾਣੀ, ਹਵਾ, ਧਰਤੀ ਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਲੋਕਾਂ ਨੂੰ  ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਪ੍ਰੇਰਿਤ ਕਰਦੇ ਰਹਿੰਦੇ ਹਨ। ਇਹਨਾਂ ਵੱਲੋਂ ਜ਼ੀਰਾ ਦੇ ਕੋਟ ਈਸੇ ਖਾਂ ਰੋਡ ਤੇ ਆਪਣੀ ਜ਼ਮੀਨ ਵਿੱਚ ਜੰਗਲ ਵੀ ਤਿਆਰ ਕੀਤਾ ਜਾ ਰਿਹਾ ਹੈ। ਅਜਿਹੇ ਵਿਅਕਤੀ ਤੇ ਪਰਚਾ ਦਰਜ਼ ਕੀਤਾ ਜਾਣਾ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ, ਸਮਾਜ ਸੇਵੀ ਲੋਕਾਂ ਅਤੇ ਸਾਹਿਤਕਾਰਾਂ ਨੂੰ ਬਹੁਤ ਚੁੱਭ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਹਿਤ ਸਭਾ ਭਲੂਰ ਦੇ ਸੀਨੀਅਰ ਆਗੂ ਮਾਸਟਰ ਬਿੱਕਰ ਸਿੰਘ ਭਲੂਰ ਅਤੇ ਸਾਹਿਤ ਸਭਾ ਰਜਿ ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ,ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਕੋਟਲਾ ਅਤੇ ਬਾਕੀ ਨੁਮਾਇੰਦਿਆਂ ਵੱਲੋਂ ਪ੍ਰੈਸ ਬਿਆਨਾਂ ਰਾਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਡਾਕਟਰ ਗੁਰਚਰਨ ਸਿੰਘ ਨੂਰਪੁਰ ਦੇ ਪਰਿਵਾਰ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨਾਂ ਤੁਰੰਤ ਬੰਦ ਕੀਤਾ ਜਾਵੇ ਅਤੇ ਦਰਜ਼ ਝੂਠੇ ਕੇਸ ਨੂੰ ਤੁਰੰਤ ਖਾਰਿਜ ਕੀਤਾ ਜਾਵੇ।