ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਦੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਮੋਗਾ ਵਿਖੇ​ 26 ਦਸੰਬਰ ਨੂੰ

ਮੋਗਾ, 20 ਦਸੰਬਰ (ਜਸ਼ਨ):- ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਦੇ ਪ੍ਰਵਾਸੀ ਭਾਰਤੀਆਂ ਨਾਲ ਬਿਹਤਰੀਨ ਤਾਲਮੇਲ ਸਥਾਪਿਤ ਕਰਕੇ ਉਨ੍ਹਾਂ ਨੂੰ ਸੂਬੇ ਦੀ ਤਰੱਕੀ ਵਿਚ ਭਾਈਵਾਲ ਬਣਾਉਣ ਤੇ ਜੜ੍ਹਾਂ ਨਾਲ ਜੋੜਨ ਦੇ ਮੰਤਵ ਨਾਲ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ' 26 ਦਸੰਬਰ ਨੂੰ ਸਥਾਨਕ ਆਈ ਐੱਸ ਐੱਫ ਕਾਲਜ, ਮੋਗਾ-ਫਿਰੋਜ਼ਪੁਰ ਰੋਡ, ਘੱਲ ਕਲਾਂ ਵਿਖੇ ਹੋਵੇਗੀ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਨ ਆਰ ਆਈ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਅੱਜ ਮੋਗਾ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਹਨਾਂ ਨੇ ਦੱਸਿਆ ਕਿ ਮੋਗਾ ਦੇ ਨਾਲ-ਨਾਲ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਨਾਲ ਸਬੰਧਿਤ ਪ੍ਰਵਾਸੀ ਭਾਰਤੀ ਵੀ ਇਸੇ ਦਿਨ ਮਿਲਣੀ ਵਿਚ ਸ਼ਾਮਿਲ ਹੋ ਸਕਣਗੇ, ਜਿਸ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕਰਕੇ ਮੌਕੇ ’ਤੇ ਹੱਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਸਵੇਰੇ 10:00 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਜਿਸ ਉਪਰੰਤ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਐਨ.ਆਰ.ਆਈਜ਼ ਨਾਲ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ ਐਨ.ਆਰ.ਆਈਜ਼ ਪੰਜਾਬ ਸਰਕਾਰ ਦੇ ਪੋਰਟਲ  https://eservices.punjab.gov.in    ਰਾਹੀਂ ਵੀ ਆਨਲਾਇਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਨੇ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਪ੍ਰਵਾਸੀ ਭਾਰਤੀਆਂ ਨੂੰ ਐਨ.ਆਰ.ਆਈਜ਼ ਮਿਲਣੀ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਮਿਲਣੀ ਮੌਕੇ ਆਪਣੇ ਮਸਲੇ ਤੇ ਸੁਝਾਅ ਰੱਖਣ ਤਾਂ ਜੋ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਸਹੂਲਤ ਮੁਤਾਬਿਕ ਨੀਤੀ ਨਿਰਮਾਣ ਕੀਤਾ ਜਾ ਸਕੇ।ਇਸ ਮੌਕੇ ਐੱਸ ਡੀ ਐੱਮ ਸ੍ਰ ਰਾਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।