ਪੰਥਕ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਭ੍ਰਿਸ਼ਟ ਲੋਕਾਂ ਤੋ ਆਜ਼ਾਦ ਕਰਾਉਣ ਦਾ ਫੈਸਲਾ:ਜੱਥੇ:ਭਾਈ ਅਮਰੀਕ ਸਿੰਘ ਅਜਨਾਲਾ,ਭਾਈ ਦਲਜੀਤ ਸਿੰਘ ਬਿੱਟੂ

ਬਾਘਾਪੁਰਾਣਾ,18 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਗੁਰਦੁਆਰਾ ਦੁੱਖ ਭੰਜਣਸਰ ਖੁਖਰਾਣਾ (ਮੋਗਾ)ਵਿਖੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਦੇ ਨਿਵਾਸ ਅਸਥਾਨ ਤੇ ਪੰਥਕ ਆਗੂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਖਾੜਕੂ ਸੰਘਰਸ ਦੇ ਰੂਹ-ਏ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਇਲਾਕੇ ਦੀਆਂ ਦੋ ਧਾਰਮਿਕ ਸ਼ਖ਼ਸੀਅਤਾਂ ਸੰਤ ਬਾਬਾ ਬਲਦੇਵ ਸਿੰਘ ਦਮਦਮੀ ਟਕਸਾਲ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਮੁੱਖ ਸੇਵਾਦਾਰ ਗੁ: ਦੁਖਭੰਜਨਸਰ ਸਾਹਿਬ ਖੁਖਰਾਣਾ ਦੇ ਵਿਚਕਾਰ ਕਈ ਅਹਿਮ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ  ਕੀਤਾ ਗਿਆ।ਮੌਜੂਦਾ ਸਮੇ ਧਾਰਮਿਕ ਤੇ ਸਿਆਸੀ ਹਲਾਤਾਂ ਅਤੇ ਆਉਣ ਵਾਲੇ ਸਮੇਂ ਚ ਉੱਭਰ ਰਹੀਆਂ ਚੁਣੌਤੀਆਂ ਤੇ ਵਿਸ਼ੇਸ਼ ਤੌਰ ਚਰਚਾ ਕੀਤੀ ਗਈ। ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਾਰ ਵਾਰ ਦੁਰਵਰਤੋਂ ਅਤੇ ਗੁਰਦੁਆਰਾ ਪ੍ਰਬੰਧਾਂ ਚ ਨਿਘਾਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ। ਸਭ ਤੋ ਵੱਡੀ ਗੱਲ ਇਹ ਸੀ ਕਿ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਅਮ੍ਰੀਕ ਸਿੰਘ  ਅਜਨਾਲਾ ਨੇ ਸਾਰੇ ਪੰਥਕ ਮਸਲਿਆਂ ਤੇ ਇਕੱਠੇ ਹੋ ਕੇ ਚੱਲਣ ਅਤੇ ਇੱਕ ਦੂਜੇ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ। ਸਾਰੇ ਪੰਥਕ ਆਗੂਆਂ ਨੇ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਬੰਧ 'ਚ ਇੱਕ ਤਰਫਾ ਦਿੱਤੇ ਫੈਸਲੇ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਦਲਾਂ ਨੂੰ ਲਾਭ ਪਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਉੱਥੇ ਪ੍ਰਬੰਧਕ ਧਿਰ ਦੀ ਕਾਰਵਾਈ ਨੂੰ ਵੀ ਨਿਰਾਸ਼ਾਜਨਕ ਦੱਸਿਆ।ਉਹਨਾਂ ਆਖਿਆ ਕਿ  ਇਨਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਭ੍ਰਿਸ਼ਟ ਲੋਕਾ ਤੋ ਅਜਾਦ ਕਰਵਾਉਣਾ ਹੈ  ਜਿਸ ਵਾਸਤੇ ਉਹ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਯਤਨ ਅਰੰਭ ਕਰ ਰਹੇ ਹਨ । ਉਹਨਾਂ ਕਿਹਾ ਕਿ ਉਹ  ਹਰੇਕ ਪੰਥ ਦਰਦੀ ਅਤੇ ਗੁਰੂ ਸਾਹਿਬ ਤੇ ਭਰੋਸਾ ਰੱਖਣ ਵਾਲੀਆਂ ਸ਼ਖ਼ਸੀਅਤਾਂ, ਸਾਧੂ ਸੰਤਾਂ, ਨਿਰਮਲੇ ਨਾਨਕਸਰ ਵਾਲੇ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂੰਹ ਸੰਪਰਦਾਵਾਂ ਦੇ ਨਾਲ ਨਾਲ ਪੰਥ ਦੇ ਵਿਹੜੇ ,ਚ ਵਿਚਰਨ ਵਾਲੀਆਂ ਜਥੇਬੰਦੀਆਂ ਦਾ ਦਰਵਾਜਾ ਖੜਕਾਉਂਣਗੇ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਜਤਨ ਕਰਨਗੇ ।  ਇਸ ਮੌਕੇ ਸਾਰੇ ਅਗੂਆਂ ਨੇ ਇੱਕ ਜੁੱਟ ਹੋ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਤਰੀਕੇ ਨਾਲ ਅਵਾਜ ਉਠਾਈ। ਮੌਜੂਦਾ ਸਰਕਾਰਾਂ ਨਾਲ ਗਿਲਾ ਜ਼ਾਹਰ  ਕਰਦਿਆਂ ਕਿਹਾ ਕਿ ਦੇਸ ਅੰਦਰ ਘੱਟ ਗਿਣਤੀ ਕੌਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਨਾ ਅਤੇ ਸਿੱਖ ਬੰਦੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਤਾਂ ਕੀ ਕਰਨਾ ਪੈਰੋਲ ਵੀ ਨਾ ਦੇਣਾ ਹੈ  ਜਿਸ ਨਾਲ ਸਿੱਖ ਕੌਮ ਚ ਬਿਗਾਨਗੀ ਦੀ ਭਾਵਨਾ ਪੈਦਾ ਹੋਣਾ ਸੁਭਾਵਿਕ ਹੀ ਹੈ ਜੋ ਕਿ ਭਾਰਤ ਲਈ ਅਤਿ ਘਾਤਕ ਸਿੱਧ ਹੋਵੇਗੀ। ਕੇਂਦਰ ਅਤੇ ਪੰਜਾਬ ਸਰਕਾਰ ਇਹਨਾਂ ਪ੍ਰਸਥਿਤੀਆਂ ਤੋ ਬਚਣ ਲਈ ਬੰਦੀ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਅੰਤ 'ਚ ਗੁਰਦੁਆਰਾ ਜੋਤੀ ਸਰੂਪ ਜੋਗੇਵਾਲਾ ਪਹੁੰਚਣ ਤੇ ਗੁਰਦੁਆਰਾ ਜੋਤੀ ਸਰੂਪ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ  ਨੇ ਜੱਥੇਦਾਰ  ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਸਾਹਿਬ ਦਲਜੀਤ ਸਿੰਘ ਬਿੱਟੂ,ਬਾਬਾ ਰੇਸ਼ਮ ਸਿੰਘ ਖੁਖਰਾਣਾ, ਭਾਈ ਪਰਮਜੀਤ ਸਿੰਘ ਗਾਜੀ ਅਤੇ ਹੋਰ ਅਹਿਮ ਸਖਸੀਅਤਾਂ ਨੂੰ ਲੋਈਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜਰ ਭਾਈ ਪਰਮਜੀਤ ਸਿੰਘ ਗਾਜੀ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਭਾਈ ਇੱਕਬਾਲ ਸਿੰਘ ਕਨੇਡਾ ,ਭਾਈ ਹਰਪ੍ਰੀਤ ਸਿੰਘ ਖੁਖਰਾਣਾ ਆਦਿ ਹੋਰ ਵੀ ਅਹਿਮ ਸਖਸੀਅਤਾਂ ਹਾਜਰ ਸਨ।