ਹਲਕਾ ਮੋਗਾ ਹੋਵੇਗਾ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮੁਕਤ, ਮਿਲੇਗੀ 24 ਘੰਟੇ ਬਿਜਲੀ ਸਪਲਾਈ :- ਡਾ. ਅਮਨਦੀਪ ਕੌਰ ਅਰੋੜਾ
ਮੋਗਾ, 17 ਦਸੰਬਰ (ਜਸ਼ਨ ) ਅੱਜ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਉਹਨਾਂ ਹਲਕਾ ਮੋਗੇ ਦੇ ਵਸਨੀਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ। ਇਸ ਸਮੇਂ ਬਿਜਲੀ ਦੇ ਲੰਬੇ ਕੱਟ, ਸ਼ਹਿਰ ਨੂੰ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਫਰੀ ਕਰਨਾ, ਫਸਲਾਂ ਦੀ ਬਿਜਾਈ ਸਮੇਂ ਬਿਜਲੀ ਦੀ ਕਿੱਲਤ ਤੋਂ ਕਿਸਾਨਾਂ ਨੂੰ ਛੁਟਕਾਰਾ ਦਵਾਉਣਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਜਲੀ ਦੇ ਮੁੱਦੇਆ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। ਕਈ ਸਾਲਾ ਤੋਂ ਰੁਕੀ ਹੋਈ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਕਰਵਾਕੇ ਉਹਨਾਂ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਪੰਜਾਬ ਦੇ ਲੋਕਾਂ ਪ੍ਰਤੀ ਸਮਰਪਿਤ ਹਨ। ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦਾ ਉਤਪਾਦਨ ਕਈ ਗੁਣਾ ਵਧੇਗਾ। ਉਹਨਾਂ ਕਿਹਾ ਕਿ ਬਿਜਲੀ ਇਸ ਸਮੇਂ ਵਿਕਾਸ ਤੇ ਤਰੱਕੀ ਦਾ ਮੁੱਖ ਆਧਾਰ ਹੈ। ਇਸ ਲਈ ਸਰਕਾਰ ਇਸ ਦਾ ਉਤਪਾਦਨ ਵਧਾਉਣ ਉਤੇ ਧਿਆਨ ਕੇਂਦਰਤ ਕਰ ਰਹੀ ਹੈ।ਇਸ ਨਾਲ ਸੂਬੇ ਨੂੰ ਸਨਅਤੀ ਵਿਕਾਸ ਦੀ ਤੇਜ਼ੀ ਦੇ ਰਾਹ ਪਾਉਣ ਵਿੱਚ ਮਦਦ ਮਿਲੇਗੀ। ਵਿਧਾਇਕਾ ਡਾ. ਅਰੋੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਪੂਰਤੀ ਲਈ ਮੋਗਾ ਵਿੱਚ ਨਵੇਂ ਪ੍ਰੋਜੈਕਟ ਲਗਾਏ ਜਾਣਗੇ। ਇਸ ਦੇ ਨਤੀਜੇ ਵਜੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹੇ ਜਾਣਗੇ। ਵਿਧਾਇਕਾ ਡਾ. ਅਰੋੜਾ ਨੇ ਕਿਹਾ ਕਿ ਬਿਜਲੀ ਬੱਚਤ ਦਾ ਵਿਸ਼ਾ ਇੱਕ ਗੰਭੀਰ ਵਿਸ਼ਾ ਹੈ, ਬਿਜਲੀ ਦੀ ਬੱਚਤ ਕਰਨਾ ਸਿੱਖਣ ਨਾਲ ਬਿਜਲੀ ਦੀ ਕਾਫੀ ਬੱਚਤ ਹੋ ਸਕਦੀ ਹੈ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਬਿਜਲੀ ਵਿਭਾਗ ਵੱਲੋਂ ਵੱਖ-ਵੱਖ ਬਿਜਲੀ ਗਰਿੱਡਾਂ ਨੂੰ ਆਪਸ ਵਿੱਚ ਜੋੜ ਕੇ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਜਿਸਦੇ ਨਾਲ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੇ ਕੱਟਾਂ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਦੀ ਚੋਰੀ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਬਿਜਲੀ ਵਿਭਾਗ ਉਨ੍ਹਾਂ ਨੂੰ ਹੋਰ ਵੀ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਸਕੇ। ਇਸ ਸਮੇਂ ਉਹਨਾਂ ਨਾਲ ਅਮਨ ਰਖਰਾ, ਅਮਿਤ ਪੁਰੀ, ਸੁਰਿੰਦਰ ਕਟਾਰੀਆ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਮਜ਼ੂਦ ਸਨ।