ਸਿੱਖਿਆ ਵਿਭਾਗ ਨੇ ‘ਕਿਸ਼ੋਰ ਸਿੱਖਿਆ ਪ੍ਰੋਗਰਾਮ’ ਸਬੰਧੀ ‘ਐਡਵੋਕੇਸੀ ਮੀਟ’ਕਰਵਾਈ
ਮੋਗਾ, 7 ਦਸੰਬਰ (ਜਸ਼ਨ): ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਨੈਸ਼ਨਲ ਏਡਸ ਕੰਟਰੋਲ ਸੋਸਾਇਟੀ ਵਲੋਂ ਦੇਸ਼ ਵਿਚ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਅੰਦਰ ਵੱਧ ਰਹੀ ਨਿਰਾਸ਼ਾ ਅਤੇ ਆਤਮ ਹੱਤਿਆ ਦੀ ਵਾਦੀ ਨੂੰ ਠੱਲ ਪਾਉਣ ਵਾਸਤੇ ਸਕੂਲਾਂ ਵਿਚ ਅਡੋਲੈਸੇਂਟ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ । ਇਸ ਸਬੰਧੀ ਅੱਜ ‘ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ’ (ਪੰਜਾਬ ਰਾਜ ਸਿੱਖਿਆ ਅਤੇ ਖੋਜ ਸੰਸਥਾ) ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਅਧਿਆਪਕਾਂ ਦੀ ਸਿਖਲਾਈ ਲਈ ਪਿੰਡ ਘੱਲਕਲਾਂ ਦੇ ਆਈ ਐੱਸ ਐੱਫ ਕਾਲਜ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਫਸਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਮੱਕੜ ਦੀ ਦੇਖ ਰੇਖ ਵਿਚ ‘ਐਡਵੋਕੇਸੀ ਮੀਟ’ ਕਰਵਾਈ ਗਈ।
ਇਸ ਵਿਸ਼ੇਸ਼ ਸੈਮੀਨਾਰ ਦੌਰਾਨ ਮੋਗਾ ਦੇ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਰਕਾਰੀ ਸਕੂਲਾਂ ਵਿਚ ਸੁਝਾਅ ਬਕਸੇ ਲਗਾਉਣ ਲਈ ਅਪੀਲ ਕੀਤੀ ਤਾਂ ਕਿ ਵਿਦਿਆਰਥੀ ਆਪਣੀ ਜਿਗਿਆਸਾ ਵਾਲੇ ਪ੍ਰਸ਼ਨ ਬੇਝਿਜਕ ਪੁੱਛ ਸਕਣ।
ਇਸ ਮੌਕੇ ਨੈਸ਼ਨਲ ਏਡਸ ਕੰਟਰੋਲ ਸੁਸਾਇਟੀ ਦੇ ਕੌਮੀ ਰਿਸੋਰਸ ਪਰਸਨ ਡਾ: ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਆਖਿਆ ਕਿ ਕਿਸ਼ੋਰ ਸਿੱਖਿਆ ਦਾ ਮਕਸਦ ਉਸ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਅਧਿਆਪਕ ਕਿਸ਼ੋਰਾਂ ਦੀਆਂ ਵਿਸ਼ੇਸ਼ ਯੋਗਤਾਵਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਮਨੋਵਿਗਿਆਨਕ ਢੰਗ ਨਾਲ ਸਮਝਣ ਦਾ ਯਤਨ ਨਹੀਂ ਕਰਦੇ। ਉਹਨਾਂ ਆਖਿਆ ਕਿ ਕਿਸ਼ੋਰ ਸਿੱਖਿਆ ਅਧਿਆਪਕਾਂ ਲਈ ਇਕ ਚੁਣੌਤੀ ਹੈ ਅਤੇ ਉਹ ਵਿਦਿਆਰਥੀਆਂ ਦੇ ਮਾਨਸਿਕ ਪੱਧਰ )’ਤੇ ਵਿਚਰ ਕੇ ਆਪਣੇ ਇਖਲਾਕੀ ਫਰਜ਼ ਨਿਭਾਅ ਸਕਦੇ ਹਨ।
ਇਸ ਮੌਕੇ ਆਈ ਐੱਸ ਐੱਫ ਕਾਲਜ ਦੇ ਡਾਇਰੈਕਟਰ ਜੀ ਡੀ ਗੁਪਤਾ, ਜੋਗਿੰਦਰ ਸਿੰਘ, ਕਿਰਨ ਸ਼ਰਮਾ ,ਡਾ. ਗੌਰਵ ਸ਼ਰਮਾ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ, ਸੁਸ਼ੀਲ ਸਿੰਗਲਾ, ਸਿਲਵੀ ਨੇ ਰਿਸੋਰਸ ਪਰਸਨਾਂ ਵਜੋਂ ਸੰਬੋਧਨ ਕਰਦਿਆਂ ਆਖਿਆ ਕਿ ਕਿਸ਼ੋਰ ਅਵਸਥਾ ਵਿਚ ਬੱਚਿਆਂ ਦੀ ਬਹੁਪੱਖੀ ਸ਼ਖਸ਼ੀਅਤ ਦੇ ਨਿਰਮਾਣ ਲਈ ਉਹਨਾਂ ਦਾ ਭਰੋਸਾ ਜਿੱਤ ਕੇ ਨੈਤਿਕ ਕਦਰਾਂ ਕੀਮਤਾਂ ਦਾ ਅਹਿਸਾਸ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਹਨਾਂ ਆਖਿਆ ਕਿ 13 ਤੋਂ 19 ਸਾਲ ਦੇ ਵਿਦਿਆਰਥੀਆਂ ਅੰਦਰ ਆਉਂਦੇ ਸਰੀਰਕ ਅਤੇ ਭਾਵਨਾਤਮਕ ਬਦਲਾਅ ਦੌਰਾਨ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਅਧਿਆਪਕਾਂ ਨੂੰ ਉਹਨਾਂ ਦੇ ਸਾਥੀ ਬਣ ਕੇ ਵਿਚਰਨ ਦੀ ਲੋੜ ਹੈ। ਉਹਨਾਂ ਆਖਿਆ ਕਿ ਇਹਨਾਂ ਵਿਦਿਆਰਥੀਆਂ ਦੀ ਊਰਜਾ ਨੂੰ ਦੇਸ਼ ਹਿਤਾਂ ਲਈ ਵਰਤਣ ਵਾਸਤੇ ਅਧਿਆਪਕ ਹੀ ਮਾਰਗ ਦਰਸ਼ਨ ਦੇ ਸਕਦੇ ਹਨ ਕਿਉਂਕਿ ਇਹੀ ਕਿਸ਼ੋਰ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਦੇਸ਼ ਦਾ ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇਕਰ ਕਿਸ਼ੋਰ ਆਪਣੀ ਊਰਜਾ, ਉਪਯੋਗੀ ਦਿਸ਼ਾ ਵਿਚ ਲਗਾਉਣਗੇ। ਇਸ ਮੌਕੇ ਬੁਲਾਰਿਆਂ ਨੇ ਏਡਜ਼ ਬੀਮਾਰੀ ਦੇ ਕਾਰਨਾਂ, ਪ੍ਰਭਾਵਾਂ ਅਤੇ ਏਡਜ਼ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਆਈ.ਐਸ.ਕਾਲਜ ਆਫ ਫਾਰਮੈਸੀ ਦੇ ਚੇਅਰਮੈਨ ਸ਼੍ਰੀ ਪਰਵੀਨ ਗਰਗ ਦਾ ਸਿੱਖਿਆ ਵਿਭਾਗ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਆਰ.ਕੇ. ਨਾਰੰਗ,ਡਾ. ਦੀਪਕ ਸ਼ਰਮਾ, ਕੀਰਤੀ ਅਰੋੜਾ, ਰਵਿੰਦਰ ਪਾਲ ਸਿੰਘ, ਲੈਕ: ਲਖਵਿੰਦਰ ਸਿੰਘ, ਰਾਜੇਸ਼ ਮਿੱਤਲ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਮੌਜੂਦ ਸਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਰਿਸੋਰਸ ਪਰਸਨਾਂ ਨੂੰ ਸਨਮਾਨਿਤ ਕਰਨ ਦੀਆਂ ਰਸਮਾਂ ਨਿਭਾਈਆਂ।