ਗੈਂਗਸਟਰ ਅਰਸ਼ ਡਾਲਾ ਦੇ ਚਾਰ ਸਾਥੀ ਗ੍ਰਿਫਤਾਰ , 3 ਲੱਖ ਰੂਪੈ ਫਿਰੌਤੀ ਦੀ ਰਕਮ ਅਤੇ ਕਾਰ ਬ੍ਰਾਮਦ
ਮੋਗਾ, 6 ਦਸੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪਿਛਲੇ ਦਿਨੀਂ ਮੋਗਾ ਅਤੇ ਫਿਰੋਜ਼ਪੁਰ ਜਿ਼ਲ੍ਹਿਆਂ ਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਫਿਰੌਤੀਆਂ ਹਾਸਲ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ, ਜ਼ੀਰਾ ਜਿਸ ਦਾ ਤਲਵੰਡੀ ਭਾਈ ਵਿਖੇ ਮੈਡੀਕਲ ਸਟੋਰ ਹੈ, ਪਾਸੋਂ 4 ਲੱਖ 20 ਹਜ਼ਾਰ ਰੁਪੈ ਫਿਰੌਤੀ ਹਾਸਲ ਕੀਤੀ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਫਿਰੌਤੀ ਹਾਸਲ ਕਰਨ ਵਾਲੇ ਗੈਂਸਗਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਂਝੇ ਤੌਰ ਉੱਪਰ ਮੁਹਿੰਮ ਚਲਾਈ ਗਈ ਸੀ।
5 ਦਸੰਬਰ, 2022 ਨੂੰ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਬਾਘਾਪੁਰਾਣਾ ਦੀ ਹਦਾਇਤ ਮੁਤਾਬਿਕ ਤਰਸੇਮ ਸਿੰਘ ਸੀ.ਆਈ.ਏ ਸਟਾਫ਼ ਬਾਘਾਪੁਰਾਣਾ ਸਮੇਤ ਪੁਲਿਸ ਪਾਰਟੀ ਇਲਾਕੇ ਦੀ ਗਸ਼ਤ ਦੌਰਾਨ ਬੁੱਘੀਪੁਰਾ ਚੌਕ ਪੁੱਲ ਹੇਠਾਂ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਸ:ਥ ਤਰਸੇਮ ਸਿੰਘ ਨੂੰ ਇਤਲਾਹ ਦਿੱਤੀ ਕਿ ਕੈਟਾਗਿਰੀ ‘‘ਏ’’ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਅਤੇ ਸਾਥੀਆਂ ਦਾ ਗੈਂਗ ਵਿਦੇਸ਼ ਵਿੱਚ ਬੈਠ ਕੇ ਵਟਸਐਪ ਕਾਲਾਂ ਕਰਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਵਸੂਲਦੇ ਹਨ। ਜਿਹੜੇ ਲੋਕ ਫਿਰੌਤੀ ਦੇਣ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਲੋਕਾਂ ਉੱਪਰ ਇਹ ਆਪਣੇ ਸਾਥੀਆਂ ਰਾਹੀ ਉਹਨਾਂ ਦੇ ਘਰਾਂ ਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਦਾ ਮਹੌਲ ਪੈਦਾ ਕਰਕੇ ਫਿਰੌਤੀਆਂ ਵਸੂਲ ਕਰਦੇ ਹਨ। ਇਹਨਾਂ ਨੇ ਕੁੱਝ ਦਿਨ ਪਹਿਲਾਂ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜ਼ੀਰਾ ਨੂੰ ਡਰਾ ਧਮਕਾ ਕੇ ਉਸ ਤੋਂ ਫਿਰੋਤੀ ਮੰਗੀ ਸੀ ਅਤੇ ਫਿਰੋਤੀ ਦੇ ਪੈਸੇ ਵਸੂਲ ਕੀਤੇ ਹਨ। ਮੁਖਬਰ ਨੇ ਇਹ ਵੀ ਦੱਸਿਆ ਕਿ ਅੱਜ ਗ੍ਰਿਫਤਾਰ ਚਾਰ ਵਿਅਕਤੀ ਇਸ ਸਮੇਂ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਅਤੇ ਮਨਪ੍ਰੀਤ ਸਿੰਘ ਉਰਫ਼ ਪੀਤਾ ਦੇ ਕਹਿਣ `ਤੇ ਕਾਰ ਪਰ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਬਰਨਾਲਾ ਤੋਂ ਜੀ.ਟੀ ਰੋਡ ਬਰਨਾਲਾ-ਮੋਗਾ ਰਾਹੀਂ ਜਲੰਧਰ ਨੂੰ ਜਾ ਰਹੇ ਹਨ। ਜੇਕਰ ਬੁੱਘੀਪੁਰਾ ਚੌਂਕ ਪੁਲ ਹੇਠਾਂ ਨਾਕਾਬੰਦੀ ਕੀਤੀ ਜਾਵੇ ਤਾਂ ਚਾਰੇ ਜਾਣੇ ਕਾਬੂ ਆ ਸਕਦੇ ਹਨ ਅਤੇ ਇਹਨਾਂ ਪਾਸੋਂ ਨਜਾਇਜ ਅਸਲਾ ਅਤੇ ਫਿਰੋਤੀ ਦੇ ਪੈਸੇ ਵੀ ਮਿਲ ਸਕਦੇ ਹਨ।
ਸੂਚਨਾ ਭਰੋਸੇਯੋਗ ਹੋਣ ਕਾਰਨ ਸ:ਥ ਤਰਸੇਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੁਘੀਪੁਰਾ ਚੌਂਕ ਵਿਖੇ ਨਾਕਾਬੰਦੀ ਕਰਕੇ ਬਰਨਾਲਾ ਸਾਈਡ ਤੋ ਆ ਰਹੀ ਇੱਕ ਜੈਨ ਕਾਰ ਨੰਬਰ ਪੀ.ਬੀ-10 ਏ.ਐਮ. 8590 ਰੰਗ ਚਿੱਟਾ ਨੂੰ ਸ਼ੱਕ ਦੇ ਆਧਾਰ ਉੱਪਰ ਚੈਕਿੰਗ ਲਈ ਰੋਕਿਆ ਗਿਆ, ਤਲਾਸ਼ੀ ਦੌਰਾਨ ਇੱਕ ਪਿਸਟਲ 30 ਬੋਰ, 1 ਮੈਗਜ਼ੀਨ 3 ਰੋਂਦ ਜਿੰਦਾ ਬ੍ਰਾਮਦ ਹੋਏ।ਸਾਰੇ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾਂ ਥਾਣਾ ਮੈਹਿਣਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
ਸੀਨੀਅਰ ਕਪਤਾਨ ਪੁਲਿਸ ਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਮਨਪ੍ਰੀਤ ਸਿੰਘ ਉਰਫ਼ ਪੀਤਾ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ ਜਿ਼ਲ੍ਹਾ ਫਿਰੋਜ਼ਪੁਰ ਹਾਲ ਵਾਸੀ ਮਨੀਲਾ ਦੇ ਕਹਿਣ ਉੱਪਰ ਆਪਸ ਵਿੱਚ ਮਿਲ ਕੇ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜ਼ੀਰਾ ਨੂੰ ਡਰਾ ਧਮਕਾ ਕੇ ਉਸ ਤੋਂ 04 ਲੱਖ 20 ਹਜ਼ਾਰ ਰੁਪੈ ਫਿਰੋਤੀ ਹਾਸਲ ਕੀਤੀ ਸੀ। ਇਸ ਸਬੰਧੀ ਮੁਕੱਦਮਾ ਨੰਬਰ 138 ਮਿਤੀ 05.12.2022 ਅ/ਧ 386/506 ਭ:ਦ ਥਾਣਾ ਸਿਟੀ ਜ਼ੀਰਾ, ਜਿ਼ਲ੍ਹਾ ਫਿਰੋਜ਼ਪੁਰ ਵਿਖੇ ਦਰਜ ਹੈ। ਫਿਰੋਤੀ ਦੀ ਰਕਮ ਕਮਰਦੀਪ ਸਿੰਘ ਦੇ ਘਰ ਬਰਨਾਲਾ ਵਿਖੇ ਲੁੱਕਾ-ਛੁਪਾ ਕੇ ਰੱਖੀ ਸੀ, ਜੋ ਕਮਰਦੀਪ ਸਿੰਘ ਦੀ ਨਿਸ਼ਾਨਦੇਹੀ ਉੱਪਰ ਉਸ ਦੇ ਘਰੋਂ ਫਿਰੌਤੀ ਦੇ 03 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ ਅਤੇ ਗ੍ਰਿਫਤਾਰ ਵਿਕਅਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁਛਗਿੱਛ ਕੀਤੀ ਜਾਵੇਗੀ। ਇਸ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।