ਰਿਸ਼ਵਤ ਲੈਣ ਵਾਲੇ ਏ ਐੱਸ ਆਈ ਖਿਲਾਫ ਰਿਸ਼ਵਤਖ਼ੋਰੀ ਦਾ ਮਾਮਲਾ ਦਰਜ, ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਸਬ ਇੰਸਪੈਕਟਰ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ

ਚੰਡੀਗੜ੍ਹ, 6 ਦਸੰਬਰ:(ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹਾ ਡਿਪਟੀ ਅਟਾਰਨੀ (ਕਾਨੂੰਨੀ) ਦੇ ਨਾਲ ਰੀਡਰ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਰਮੇਸ਼ ਕੁਮਾਰ ਵਿਰੁੱਧ ਦਸ ਹਜ਼ਾਰ ਰੁਪਏ ਰਿਸ਼ਵਤ  ਮੰਗਣ ਅਤੇ ਹਾਸਲ ਕਰਨ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

 ਇਸ ਸਬੰਧੀ ਜਾਣਕਾਰੀ ਸਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਕਤ ਮੁਲਜ਼ਮ ਏ.ਐਸ.ਆਈ. ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ  ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਧਵਲਜੀਤ ਦੱਤਾ ਵਾਸੀ ਮੁਹੱਲਾ ਬੇਰੀਆਂ, ਗੁਰਦਾਸਪੁਰ ਅਤੇ ਸੁਰਿੰਦਰ ਮੋਹਨ ਨੇ ਦੱਸਿਆ ਕਿ ਉਕਤ ਪੁਲਿਸ ਕਰਮਚਾਰੀ ਨੇ ਪੁਲਿਸ ਜਾਂਚ (ਇੰਕੁਆਇਰੀ) ਰਿਪੋਰਟ ਉਪਰ ਕਾਰਵਾਈ ਕਰਨ ਬਦਲੇ 40,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਇਸ ਸਬੰਧੀ ਸੁਰਿੰਦਰ ਮੋਹਨ ਤੋਂ 10,000 ਰੁਪਏ ਲੈ ਵੀ ਲਏ।  ਸ਼ਿਕਾਇਤਕਰਤਾ ਨੇ ਮੁਲਜ਼ਮ ਨੂੰ ਪੈਸੇ ਦੇਣ ਸਮੇਂ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਦੀ ਰਕਮ ਦੀ ਮੰਗ ਕਰਨ ਅਤੇ ਸਵੀਕਾਰ ਕਰਨ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।