ਸੰਯੁਕਤ ਕਿਸਾਨ ਮੋਰਚਾ ਵਲੋਂ ,11 ਦਸੰਬਰ ਨੂੰ ਦੇਸ਼ ਦੇ ਸੰਸਦਾਂ ਅਤੇ ਵਿਧਾਇਕਾਂ ਨੂੰ ਕਿਸਾਨੀ ਮਸਲਿਆਂ ਸੰਬੰਧੀ, ਚੇਤਾਵਨੀ ਪੱਤਰ ਦੇਣ ਦਾ ਕੀਤਾ ਐਲਾਨ

ਮੋਗਾ, 5 ਦਸੰਬਰ (ਜਸ਼ਨ) ਸੰਯੁਕਤ ਕਿਸਾਨ ਮੋਰਚਾ ਨੇ 11 ਦਸੰਬਰ ਨੂੰ ਦੇਸ਼ ਦੇ ਸੰਸਦਾਂ ਅਤੇ ਵਿਧਾਇਕਾਂ ਨੂੰ ਕਿਸਾਨੀ ਮਸਲਿਆਂ ਸੰਬੰਧੀ ਚੇਤਾਵਨੀ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਸੰਬੰਧੀ ਅੱਜ ਇੱਥੇ ਜਿਲ੍ਹਾ ਮੋਗਾ ਦੀਆਂ ਕਿਸਾਨ ਯੂਨੀਅਨਾਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਪ੍ਰਗਟ ਸਿੰਘ ਸਾਫੂਵਾਲਾ, ਭੁਪਿੰਦਰ ਸਿੰਘ ਦੌਲਤਪੁਰਾ ਅਤੇ ਸੁਖਜਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਦਿੱਲੀ ਦੀਆਂ ਬਰੂਹਾਂ ਤੋਂ ਵਾਪਸੀ ਉਸ ਵੇਲੇ ਕੀਤੀ ਸੀ ਜਦੋਂ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੁੱਖ ਮੰਗ ਅੱਗੇ ਝੁਕਦਿਆਂਇਹਨਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਬਾਕੀ ਮੰਗਾਂ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਸੀ। 11 ਦਸੰਬਰ ਨੂੰ ਬਕਾਇਆ ਕਿਸਾਨੀ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ ਕਰਕੇ ਚੇਤਾਵਨੀ ਪੱਤਰ ਦਿੱਤੇ ਜਾਣਗੇ।  ਆਗੂਆਂ ਨੇ ਕਿਹਾ ਕਿ 11 ਦਸੰਬਰ ਨੂੰ ਲੋਕ ਮੋਟਰਸਾਈਕਲਾਂ ਅਤੇ ਹੋਰ ਸਾਧਨਾਂ ਨਾਲ ਵਿਧਾਇਕਾਂ ਅਤੇ ਪਾਰਲੀਮੈਂਟ/ਰਾਜ ਸਭਾ ਮੈਂਬਰਾਂ ਦੇ ਘਰਾਂ ਵੱਲ ਮਾਰਚ ਕਰਨਗੇ। ਇਸ ਮੌਕੇ ਮੰਗ ਕੀਤੀ ਜਾਵੇਗੀ ਕਿ ਐੱਮ. ਐੱਸ. ਪੀ. ਨੂੰ ਕਾਨੂੰਨੀ ਮਾਨਤਾ ਦੇ ਕੇ ਸਭ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ। ਕਿਸਾਨ ਅੰਦੋਲਨ ਦੌਰਾਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਅੰਦੋਲਨ ਦੌਰਾਨ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ। ਹੜਾਂ ਅਤੇ ਕੁਦਰਤੀ ਆਫ਼ਤਾਂ ਨਾਲ ਹੁੰਦੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ ਫਸਲ ਬੀਮਾ ਲਾਗੂ ਕੀਤਾ ਜਾਵੇ। ਹਰੇਕ ਛੋਟੇ, ਦਰਮਿਆਨੇ, ਸੀਮਾਂਤ ਕਿਸਾਨ ਅਤੇ ਖੇਤ ਮਜ਼ਦੂਰ ਲਈ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਲਖੀਮਪੁਰ ਖੀਰੀ ਵਿੱਚ ਬੇਕਸੂਰ ਅੰਦੋਲਨਕਾਰੀਆਂ ਨੂੰ ਮਾਰਨ ਵਾਲੇ ਭਾਜਪਾ ਮੰਤਰੀ ਅਤੇ ਉਸਦੇ ਬੇਟੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਆਮ ਕਿਸਾਨ 'ਤੇ ਪਾਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਸਰਕਾਰ ਵੱਲੋਂ ਲਿਆਂਦਾ ਮਾਰੂ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ। ਕਿਸਾਨੀ ਦੇ ਕਰਜੇ ਖ਼ਤਮ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਸਬੰਧੀ 11 ਦਸੰਬਰ ਨੂੰ ਜਿਲ੍ਹੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਪ੍ਰੋਗਰਾਮ ਲਈ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪੋ ਆਪਣੇ ਵਹੀਕਲਾਂ ਉੱਤੇ ਸਵਾਰ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਉਣ ਲਈ ਸ਼ਾਮਲ ਹੋਣ। ਇਸ ਮੌਕੇ ਉਹਨਾਂ ਨਾਲ ਨਿਰਮਲ ਸਿੰਘ ਕਾਲੀਏਵਾਲਾ, ਬਲਕਰਨ ਸਿੰਘ ਢਿੱਲੋ ਅਤੇ ਹਰਦਿਆਲ ਸਿੰਘ ਘਾਲੀ ਹਾਜ਼ਰ ਸਨ।