ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਦਰਿਆ ਦਿਲੀ ਦਿਖਾਉਂਦਿਆਂ, ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫਸਰ ਨੂੰ ‘ਜੀਓ ਆਇਆਂ’ ਆਖਿਆ
ਮੋਗਾ, 1 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਪਣੇ ਸਾਊ ਸੁਭਾਅ ਲਈ ਜਾਣੇ ਜਾਂਦੇ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਅੱਜ ਦਰਿਆ ਦਿਲੀ ਦਿਖਾਉਂਦਿਆਂ, ਅਹੁਦਾ ਸੰਭਾਲਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਨੂੰ ‘ਜੀ ਆਇਆਂ’ ਆਖਿਆ । ਦਰਅਸਲ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਵਾਗਤ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਦੇ ਬਾਹਰ, ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਅਤੇ ਲੈਕਚਰਾਰ ਖੜ੍ਹੇ ਸਨ ਅਤੇ ਜਿਉਂ ਹੀ ਸ. ਚਮਕੌਰ ਸਿੰਘ ਉੱਥੇ ਪਹੁੰਚੇ ਤਾਂ ਐਨ ਉਸੇ ਸਮੇਂ ਡਿਪਟੀ ਕਮਿਸ਼ਨਰ ਵੀ ਸੁਰੱਖਿਆ ਅਮਲੇ ਸਮੇਤ ਲੰਘ ਰਹੇ ਸਨ । ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਨੇ ਸ਼ਿਸ਼ਟਾਚਾਰ ਦਿਖਾਉਂਦਿਆਂ ਡਿਪਟੀ ਕਮਿਸ਼ਨਰ ਨੂੰ ਸਤਿਕਾਰ ਦਿੱਤਾ ਅਤੇ ਆਪਣੀ ਨਿਯੁਕਤੀ ਬਾਰੇ ਦੱਸਿਆ ਪਰ ਡਿਪਟੀ ਕਮਿਸ਼ਨਰ ਨੇ ਆਪਣੇ ਮਨ ਵਿਚ ਅਧਿਆਪਕਾਂ ਲਈ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੈਂ ਵੀ ਤੁਹਾਨੂੰ ‘ਜੀਓ ਆਇਆਂ’ ਆਖਾਗਾਂ ਅਤੇ ਉਹਨਾਂ ਬਕਾਇਦਾ ਬੁੱਕਾ ਭੇਂਟ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਨੂੰ ਸਤਿਕਾਰ ਦਿੱਤਾ। ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਦੇ ਇਸ ਉੱਚੀ ਸੋਚ ਵਾਲੇ ਰਵਈਏ ਤੋਂ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਅਤੇ ਲੈਕਚਰਾਰ ਬੇਹੱਦ ਪ੍ਰਭਾਵਿਤ ਹੋਏ। ਜ਼ਿਲ੍ਹਾ ਸਿੱਖਿਆ ਅਫਸਰ ਸ. ਚਮਕੌਰ ਸਿੰਘ ਨੇ ਮਣਾਂਮੂੰਹੀ ਪਿਆਰ ਦੇਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸਾਹਿਤਕਾਰ ਹੋਣ ਕਰਕੇ ਡਿਪਟੀ ਕਮਿਸ਼ਨਰ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਪਿਛਲੇ ਦਿਨੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਵਿਰਸਾ ਸੰਭਾਲਣ ਦੇ ਯਤਨਾਂ ਵਜੋਂ ਉਹਨਾਂ ਅਨਪੜ੍ਹਤਾ ਖਤਮ ਕਰਨ ਲਈ, ਹੰਭਲਾ ਮਾਰਨ ਦਾ ਸੱਦਾ ਦਿੱਤਾ ਸੀ।