ਦਿਨ ਦਿਹਾੜੇ ਅਧਿਆਪਕਾ ਨੂੰ ਲੁੱਟਿਆ, ਟੈਂਕੀ ਵਾਲੀ ਗਲੀ ਵਿਚ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ

Tags: 

ਮੋਗਾ, 30 ਨਵੰਬਰ (ਜਸ਼ਨ):(ਵੀਡੀਓ ਦੇਖਣ ਲਈ ਖ਼ਬਰ ਦੇ ਆਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ )ਸ਼ਹਿਰ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਦਿਨ -ਬ- ਦਿਨ ਇਜ਼ਾਫ਼ਾ ਹੋ ਰਿਹੈ। ਅੱਜ ਮੋਗਾ ਸ਼ਹਿਰ ਦੇ ਪੌਸ਼ ਇਲਾਕੇ ਦਸ਼ਮੇਸ਼ ਨਗਰ ਟੈਂਕੀ ਵਾਲੀ ਗਲੀ ‘ਚ ਦੁਪਹਿਰ ਪੌਣੇ ਚਾਰ ਵਜੇ, ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਅਧਿਆਪਕਾ ਤੋਂ ਪਰਸ ਅਤੇ ਇਕ ਲਿਫਾਫਾ ਖੋਹ ਲਿਆ। ਘਟਨਾ ਵਾਪਰਨ ਸਮੇਂ ਉਹ ਮਹਿਲਾ ਝਪਟਮਾਰਾਂ ਦੇ ਮਗਰ ਕਾਫ਼ੀ ਦੂਰ ਤੱਕ ਭੱਜੀ ਪਰ ਉਹ ਅਰਾਮ ਨਾਲ ਹੀ ਮੋਟਰਸਾਈਕਲ ’ਤੇ ਚੱਕੀ ਵਾਲੀ ਗੱਲੀ ਵੱਲ ਨੂੰ ਚਲੇ ਗਏ। ਗਲੀ ਵਿਚ ਉਸ ਮਹਿਲਾ ਦੇ ਚੀਕਾਂ ਮਾਰਨ ਅਤੇ ਰੌਲਾ ਪਾਉਣ ’ਤੇ ਮੁਹੱਲਾ ਵਾਸੀ ਅਤੇ ਰਾਹਗੀਰ ਵੀ ਚੌਕੰਨੇ ਹੋ ਗਏ ਪਰ ਝਪਟਮਾਰ ਆਪਣੇ ਰਾਹ ਪੈ ਚੁੱਕੇ ਸਨ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਨਾਮ ਮੰਜੂ ਹੈ ਅਤੇ ਉਹ ਕੋਟਈਸੇ ਖਾਂ ਸਕੂਲ ਵਿਚ ਅਧਿਆਪਕਾ ਹੈ ਅਤੇ ਅੱਜ ਛੁੱਟੀ ਉਪਰੰਤ ਉਹ ਬੱਸ ਰਾਹੀ ਮੋਗਾ ਪਹੁੰਚੀ ਅਤੇ ਬੱਸ ਤੋਂ ਉਤਰਨ ਉਪਰੰਤ ਉਹ ਟੈਂਕੀ ਵਾਲੀ ਗਲੀ ਵਿਚ ਦੀ ਪੈਦਲ ਚੱਕੀ ਵਾਲੀ ਗਲੀ ਨੂੰ ਜਾ ਰਹੀ ਸੀ ਅਤੇ ਜਦੋਂ ਹੀ ਉਹ ਮੰਦਿਰ ਕੋਲ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਇਕੋਦਮ ਉਸ ਦਾ ਪਰਸ, ਮੋਢੇ ’ਤੇ ਲਈ ਸ਼ਾਲ ਅਤੇ ਹੱਥ ਵਿਚ ਫੜਿ੍ਹਆ ਲਿਫਾਫਾ ਖੋਹ ਲਿਆ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਰਸ ਵਿਚ ਉਸ ਦਾ ਮੋਬਾਈਲ ਫੋਨ, ਆਈ ਡੀ ਕਾਰਡ, ਆਧਾਰ ਕਾਰਡ ਅਤੇ ਨਕਦੀ ਸੀ ਜਿਸ ਨੂੰ ਝਪਟਮਾਰਾਂ ਨੇ ਅੱਖ ਦੇ ਫੋਰ ਨਾਲ ਹੀ ਖੋਹ ਲਿਆ।
ਚਸ਼ਮਦੀਦਾਂ ਵੱਲੋਂ ਸਿਟੀ ਵਨ ਦੇ ਐੱਸ ਐੱਚ ਓ ਸ. ਦਲਜੀਤ ਸਿੰਘ ਨੂੰ ਤੁਰੰਤ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਉਹਨਾਂ ਨਾਕਾਬੰਦੀ ਵੀ ਕਰਵਾਈ ਪਰ ਖਬਰ ਲਿਖੇ ਜਾਣ ਤੱਕ ਦੋਸ਼ੀ ਝਪਟਮਾਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਟੈਂਕੀ ਵਾਲੀ ਗਲੀ ਵਿਚ ਅਜਿਹੀਆਂ ਲੁੱਟ ਖੋਹਾਂ ਵਾਲੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜ਼ਾਮ ਦਿੱਤਾ ਜਾਂਦਾ ਰਿਹਾ ਹੈ। ਮੁਹੱਲਾ ਵਾਸੀਆਂ ਨੇ ਪਹਿਲਾਂ ਵੀ ਇਸ ਤਰਾਂ ਦੀਆਂ ਵਾਰਦਾਤਾਂ ਹੋਣ ਬਾਰੇ ਪੁਲਿਸ ਨੂੰ ਦੱਸਿਆ ਸੀ ਪਰ ਕੁਝ ਕੁ ਦਿਨ ਗਸ਼ਤ ਵਾਲੀਆਂ ਟੀਮਾਂ ਲਗਾਈਆਂ ਜਾਂਦੀਆਂ ਹਨ ਪਰ 2-4 ਦਿਨਾਂ ਮਗਰੋਂ ਹਾਲਾਤ ਆਮ ਵਰਗੇ ਹੋ ਜਾਂਦੇ ਨੇ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਨੌਜਵਾਨ ਦੁਬਾਰਾ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ।
ਦਸ਼ਮੇਸ਼ ਨਗਰ ਟੈਂਕੀ ਵਾਲੀ ਗਲੀ ਵਿਚ ਅਜਿਹੀਆਂ ਵਾਰਦਾਤਾਂ ਵਾਪਰਨ ਦਾ ਵੱਡਾ ਕਾਰਨ ਇਸ ਗਲੀ ਦਾ ਅੱਗੇ ਜਾ ਕੇ ਚੱਕੀ ਵਾਲੀ ਗਲੀ ਨਾਲ ਰਲਣਾ ਹੈ ਅਤੇ ਚੱਕੀ ਵਾਲੀ ਗਲੀ ਤੋਂ ਅਗਾਂਹ ਹੋਰ ਵੱਖਰੀਆਂ ਵੱਖਰੀਆਂ ਕਈ ਗਲੀਆਂ ਜਾ ਮਿਲਦੀਆਂ ਹਨ ਜਿੱਥੋਂ ਕਿਸੇ ਨੂੰ ਵੀ ਫੜ੍ਹਨਾ ਆਸਾਨ ਨਹੀਂ ਹੈ।  ਇਸ ਗਲੀ ਵਿਚ ਦੁਪਹਿਰ ਸਮੇਂ ਨੌਕਰੀ ਪੇਸ਼ਾ ਮਹਿਲਾਵਾਂ ਲੋਕਲ ਬੱਸ ਸੇਵਾ ਰਾਹੀ ਸ਼ਹਿਰ ਪਹੁੰਚਦੀਆਂ ਹਨ ਅਤੇ ਫਿਰ ਉਹ ਪੈਦਲ ਚੱਲਦਿਆਂ ਆਪਣੇ ਘਰਾਂ ਨੂੰ ਅਪੜਦੀਆਂ ਨੇ , ਅਜਿਹੇ ਵਿਚ ਜੇਕਰ ਉਹਨਾਂ ਨਾਲ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ?  ਪਿਛਲੇ ਲੰਬੇ ਸਮੇਂ ਤੋਂ ਸਮੁੱਚੇ ਸ਼ਹਿਰ ਵਿਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਗੱਲ ਚੱਲ ਰਹੀ ਸੀ ਪਰ ਹੁਣ ਨਵੀਂ ਸਰਕਾਰ ਨੂੰ ਵੀ ਬਣਿਆਂ ਕਈ ਮਹੀਨੇ ਬੀਤ ਚੁੱਕੇ ਹਨ ਪਰ ਇਸ ਪ੍ਰੌਜੈਕਟ ’ਤੇ ਕੰਮ ਠੱਪ ਪਿਆ ਹੋਇਆ ਹੈ।
ਅੱਜ ਦੀ ਇਸ ਘਟਨਾ ਉਪਰੰਤ ਇਕੱਠੇ ਹੋਏ ਮੁਹੱਲਾਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਟੈਂਕੀ ਵਾਲੀ ਗਲੀ ਅਤੇ ਚੱਕੀ ਵਾਲੀ ਗਲੀ ਦੇ ਐਂਟਰੀ ਪੁਆਇੰਟਾਂ ’ਤੇ ਪੀ ਸੀ ਆਰ ਲਗਾਈ ਜਾਵੇ ਅਤੇ ਟਰੈਫਿਕ ਪੁਲਿਸ ਦਾ ਮੁਲਾਜ਼ਮ ਗਲੀ ਵਿਚ ਐਂਟਰ ਹੋਣ ਵਾਲੇ ਨੌਜਵਾਨਾਂ ਦੇ ਵਾਹਨਾਂ ਦੇ ਕਾਗਜ਼ਾਤ ਚੈੱਕ ਕਰਨ ਅਤੇ ਪੇਪਰ ਪੂਰੇ ਨਾ ਹੋਣ ਵਾਲੇ ਦੁਪਹੀਆ ਵਾਹਨਾਂ ਖਾਸਕਰ ਮੋਟਰਸਾਈਕਲ ਵਾਲਿਆਂ ਦੇ ਚਲਾਣ ਕੱਟਣ ਤਾਂ ਕਿ ਕੋਈ ਵੀ ਅਜਿਹਾ ਅਨਸਰ ਗਲੀ ਵਿਚ ਆਉਣ ਤੋਂ ਗੁਰੇਜ਼ ਕਰੇ।

ਵੀਡੀਓ ਦੇਖਣ ਲਈ ਲਿੰਕ ਕਲਿਕ ਕਰੋ ਜੀ