ਫਾਇਰਿੰਗ ‘ਚ ਅਕਾਲੀ ਆਗੂ ਦੀ ਮੌਤ

Tags: 

ਬਟਾਲਾ, 29 ਨਵੰਬਰ (ਬਿਸ਼ੰਬਰ ਬਿੱਟੂ): ਪੰਜਾਬ ‘ਚ ਨਿੱਤ ਦਿਨ ਵਾਪਰ ਰਹੀਆਂ ਗੋਲਬੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਅੱਜ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ  ਦੇ ਨਜ਼ਦੀਕ ਅਮਿ੍ਰਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੋਈ ਗੋਲੀਬਾਰੀ ਦੌਰਾਨ ਅਕਾਲੀ ਆਗੂ ਇਕ ਵਿਅਕਤੀ ਦੀ ਮੌਤ ਹੋ ਗਈ ।  ਮਿ੍ਰਤਕ ਦੀ ਪਛਾਣ ਅਜੀਤਪਾਲ ਵਜੋਂ ਹੋਈ ਹੈ ਅਤੇ ਉਹ ਸ਼੍ਰੋਮਣੀ ਅਕਾਲੀਦਲ ਦਾ ਸਰਗਰਮ ਆਗੂ ਦੱਸਿਆ ਜਾ ਰਿਹਾ ਹੈ । ਪੁਲਿਸ ਸੂਤਰਾਂ ਮੁਤਾਬਕ ਅਜੀਤਪਲ ਸਿੰਘ ਆਪਣੇ ਦੋਸਤ ਅਮਿ੍ਰਤਪਾਲ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਅਮਿ੍ਰਤਸਰ ਜਾ ਰਿਹਾ ਸੀ  ਤਾਂ ਰਾਹ ਵਿਚ ਕਿਸੇ ਕਾਰਨ ਉਹਨਾਂ ਆਪਣੀ ਗੱਡੀ ਰੋਕੀ । ਇਸ ਦੌਰਾਨ ਨਜ਼ਦੀਕ ਤੋਂ ਜਾ ਰਹੇ ਦੂਜੇ ਵਾਹਨ ‘ਚੋਂ ਤਾਬੜਤੋੜ ਫਾਇਰਿੰਗ ਕੀਤੀ ਗਈ । ਇਸ ਗੋਲੀਬਾਰੀ ‘ਚ ਅਜੀਤਪਾਲ ਦੀ ਗੋਲੀ ਲੱਗਣ ਨਾਲ ਮੌਤ  ਹੋ ਗਈ । ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੈਸ ਕਾਨਫਰੰਸ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਵੱਖ ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ।