ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ, ਸਹਾਇਕ ਲਾਈਨਮੈਨਾਂ ਦੀਆਂ 2100 ਅਸਾਮੀਆਂ ਅਗਲੇ ਮਹੀਨੇ ਭਰਨ ਦਾ ਐਲਾਨ

ਚੰਡੀਗੜ੍ਹ, 26 ਨਵੰਬਰ(ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ ਅੱਠ ਮਹੀਨਿਆਂ ਦੇ ਸਮੇਂ ਵਿਚ 21000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ।

ਮੁੱਖ ਮੰਤਰੀ ਇੱਥੇ ਮਿਊਂਸਪਲ ਭਵਨ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ। ਇਨ੍ਹਾਂ 603 ਉਮੀਦਵਾਰਾਂ ਵਿਚ 476 ਕਲਰਕ, 68 ਜੇ.ਈ. (ਇਲੈਕਟ੍ਰੀਕਲ) ਅਤੇ 59 ਜੇ.ਈ. (ਸਬ-ਸਟੇਸ਼ਨ) ਸਨ।  

ਮੁੱਖ ਮੰਤਰੀ ਨੇ ਕਿਹਾ ਕਿ ਵਿਆਪਕ ਪੱਧਰ ਉਤੇ ਸ਼ੁਰੂ ਕੀਤੀ ਇਸ ਭਰਤੀ ਮੁਹਿੰਮ ਸਰਕਾਰ ਦੀ ਨੌਜਵਾਨਾਂ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿਉਂਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਏਨੇ ਥੋੜ੍ਹੇ ਸਮੇਂ ਵਿਚ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜੇ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਸਰਕਾਰ ਨੂੰ ਅਜੇ ਅੱਠ ਮਹੀਨਿਆਂ ਦਾ ਸਮਾਂ ਹੋਇਆ ਹੈ ਪਰ ਹੁਣ ਤੱਕ 21 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕਈ ਵਿਭਾਗਾਂ ਵਿਚ ਭਰਤੀ ਚੱਲ ਰਹੀ ਹੈ, ਜਿਸ ਨਾਲ ਹੋਰ ਨੌਜਵਾਨ ਨੌਕਰੀ ਹਾਸਲ ਕਰਨ ਦੇ ਯੋਗ ਹੋਣਗੇ।

ਪਾਰਦਰਸ਼ੀ ਭਰਤੀ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਨੌਜਵਾਨਾਂ ਨੂੰ ਨੌਕਰੀ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਉਤੇ ਮਿਲੇਗੀ ਅਤੇ ਨੌਕਰੀ ਹਾਸਲ ਕਰਨਾ ਯੋਗ ਨੌਜਵਾਨ ਦਾ ਹੱਕ ਹੁੰਦਾ ਹੈ। ਇਸ ਮਾਮਲੇ ਵਿਚ ਮੈਂ ਨਾ ਕਿਸੇ ਦੀ ਸਿਫਾਰਸ਼ ਮੰਨਦਾ ਹਾਂ ਅਤੇ ਨਾ ਹੀ ਕਿਸੇ ਦੀ ਸਿਫਾਰਸ਼ ਚੱਲਣ ਦਿੰਦਾ ਹਾਂ ਕਿਉਂਕਿ ਨੌਜਵਾਨ ਮੇਰੇ ਉਤੇ ਬਹੁਤ ਵਿਸ਼ਵਾਸ ਕਰਦੇ ਹਨ ਤੇ ਇਸ ਭਰੋਸੇ ਨੂੰ ਮੈਂ ਕਿਸੇ ਵੀ ਕੀਮਤ ਉਤੇ ਟੁੱਟਣ ਨਹੀਂ ਦੇਵਾਂਗਾ।”

ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਦੇ ਵਾਅਦੇ ਨੂੰ ਨਿਭਾਉਂਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੀ.ਐਸ.ਪੀ.ਸੀ.ਐਲ. ਵਿਚ ਸਹਾਇਕ ਲਾਈਨਮੈਨਾਂ ਦੀਆਂ 2100 ਅਸਾਮੀਆਂ ਅਗਲੇ ਮਹੀਨੇ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਹੋ ਚੁੱਕੀ ਹੈ ਅਤੇ ਨਤੀਜਾ ਵੀ ਇਸੇ ਹਫ਼ਤੇ ਐਲਾਨਿਆ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ, ਜਿਸ ਨਾਲ ਵੱਡੀ ਗਿਣਤੀ ਵਿਚ ਹੋਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਹਾਸਲ ਹੋਣਗੀਆਂ।

ਭ੍ਰਿਸ਼ਟਾਚਾਰੀਆਂ ਨੂੰ ਸੂਬੇ ਦੇ ਅਸਲ ਦੁਸ਼ਮਣ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰ ਰਹੀ ਹੈ ਤਾਂ ਕਿ ਇਸ ਨਾਲ ਬਾਕੀਆਂ ਨੂੰ ਵੀ ਸਬਕ ਮਿਲ ਸਕੇ। ਇੱਥੋਂ ਤੱਕ ਕਿ ਕੁਝ ਸਾਬਕਾ ਮੰਤਰੀ ਵੀ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਾ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ।

ਇਸ ਦੌਰਾਨ ਨਿਯੁਕਤੀ ਪੱਤਰ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਸ ਦੀ ਜ਼ਿੰਦਗੀ ਦਾ ਇਤਿਹਾਸਕ ਦਿਨ ਹੈ ਕਿਉਂਕਿ ਸੂਬਾ ਸਰਕਾਰ ਨੇ ਨਿਰੋਲ ਮੈਰਿਟ ਦੇ ਆਧਾਰ ਉਤੇ ਰੁਜ਼ਗਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਲਈ ਉਹ ਸੂਬਾ ਸਰਕਾਰ ਦੇ ਹਮੇਸ਼ਾ ਰਿਣੀ ਰਹਿਣਗੇ।

ਇਕ ਹੋਰ ਨਵ-ਨਿਯੁਕਤ ਉਮੀਦਵਾਰ ਸੰਜੇ ਕੁਮਾਰ ਨੇ ਵੀ ਇਸ ਨੌਕਰੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਬੀਤੇ ਕੁਝ ਸਾਲਾਂ ਤੋਂ ਲਟਕੀ ਹੋਈ ਸੀ ਪਰ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਨਿੱਜੀ ਦਿਲਚਸਪੀ ਲੈ ਕੇ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਨੌਕਰੀ ਨਾਲ ਉਹ ਆਪਣਾ ਜੀਵਨ ਮਾਣ-ਸਤਿਕਾਰ ਨਾਲ ਬਤੀਤ ਕਰਨਗੇ।

ਨਵ-ਨਿਯੁਕਤ ਕਲਕਰ ਹਰਗੋਬਿੰਦ ਸਿੰਘ ਮਾਰਗ ਨੇ ਇਸ ਇਤਿਹਾਸਕ ਉਪਰਾਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਨਾਲ ਉਸ ਦੀ ਤੇ ਪਰਿਵਾਰ ਦੀ ਤਕਦੀਰ ਬਦਲ ਜਾਵੇਗੀ। ਉਨ੍ਹਾਂ ਨੇ ਭਰਤੀ ਪ੍ਰਕਿਰਿਆ ਨੂੰ ਨਿਰੋਲ ਮੈਰਿਟ ਦੇ ਆਧਾਰ ਉਤੇ ਪੂਰਾ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਬਹੁਤ ਛੇਤੀ 66 ਕੇ.ਵੀ. ਦੀ ਸਮਰਥਾ ਵਾਲੇ ਨਵੇਂ ਗਰਿੱਡ ਸਥਾਪਤ ਕਰਨ ਦੇ ਨਾਲ-ਨਾਲ ਅੰਡਰਗਰਾਊਂਡ ਤਾਰਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਕਿ ਬਿਜਲੀ ਸਪਲਾਈ ਨੂੰ ਵਧੇਰੇ ਸੁਚਾਰੂ ਬਣਾਇਆ ਜਾ ਸਕੇ।

ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਹਾਜ਼ਰ ਸਨ।