ਮੋਗਾ ਜਿਲ੍ਹੇ ਦੇ ਨਿਵਾਸੀਆਂ ਨੇ ਇਸ ਵਾਰ ਡੇਂਗੂ ਨਾਲ ਨਜਿੱਠਣ ਵਿੱਚ ਸਮਝਦਾਰੀ ਵਰਤੀ - ਡਾ ਤ੍ਰਿਪਤਪਾਲ ਸਿੰਘ
ਮੋਗਾ 25 ਨਵੰਬਰ (ਜਸ਼ਨ ) : ਮੋਗਾ ਜਿਲ੍ਹੇ ਦੇ ਨਿਵਾਸੀਆਂ ਵੱਲੋਂ ਇਸ ਵਾਰ ਡੇਂਗੂ ਨਾਲ ਨਜਿੱਠਣ ਵਿੱਚ ਜਿੱਥੇ ਸਿਹਤ ਦੀਆਂ ਟੀਮਾਂ ਨਾਲ ਸਹਿਯੋਗ ਕੀਤਾ ਉਥੇ ਸਮਝਦਾਰੀ ਦਾ ਵੀ ਸਬੂਤ ਦਿੱਤਾ ਅਤੇ ਹਰੇਕ ਬਾਰਿਸ਼ ਤੋਂ ਬਾਅਦ ਖੁਦ ਆਪਣਾ ਆਲਾ ਦੁਆਲਾ ਦੇਖ ਕੇ ਬਾਰਿਸ਼ ਦੇ ਪਾਣੀ ਦੀ ਖੜੋਤ ਨਹੀਂ ਹੋਣ ਦਿੱਤੀ, ਜਿਸ ਕਾਰਨ ਇਸ ਵਾਰ ਮੋਗਾ ਜਿਲ੍ਹੇ ਵਿੱਚ ਬਹੁਤ ਘੱਟ ਡੇਂਗੂ ਦੇ ਕੇਸ ਆਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ ਤ੍ਰਿਪਤਪਾਲ ਸਿੰਘ ਨੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫ੍ਰਾਈਡੇ ਡ੍ਰਾਈਡੇ ਮੁਹਿੰਮ ਦੀ ਸਮਾਪਤੀ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦੇਣ ਮੌਕੇ ਕੀਤਾ। ਉਹਨਾਂ ਦੱਸਿਆ ਕਿ ਹੁਣ ਤੱਕ ਸਿਵਲ ਹਸਪਤਾਲ ਮੋਗਾ ਵਿੱਚ 800 ਦੇ ਕਰੀਬ ਸ਼ੱਕੀ ਮਰੀਜ਼ਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 35 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 19 ਮਰੀਜ ਮੋਗਾ ਸ਼ਹਿਰ, 13 ਮਰੀਜ ਪਿੰਡਾਂ ਅਤੇ 3 ਮਰੀਜ ਹੋਰਨਾਂ ਜਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਮੋਗਾ ਜਿਲਾ ਲੋਕਾਂ ਦੀ ਸਮਝਦਾਰੀ ਅਤੇ ਸਹਿਯੋਗ ਸਦਕਾ ਪੂਰੇ ਪੰਜਾਬ ਵਿੱਚੋਂ ਹੇਠੋੰ ਦੂਸਰੇ ਪਾਇਦਾਨ ਉਤੇ ਹੈ, ਜਿਸ ਲਈ ਜਿਲ੍ਹਾ ਨਿਵਾਸੀ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਵਧਾਈ ਦੇ ਪਾਤਰ ਹਨ ਅਤੇ ਸਾਨੂੰ ਇਸੇ ਤਰ੍ਹਾਂ 15 ਦਸੰਬਰ ਤੱਕ ਸਾਵਧਾਨ ਰਹਿਣ ਦੀ ਜਰੂਰਤ ਹੈ। ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ ਨਰੇਸ਼ ਆਮਲਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਦਿਨ ਵੇਲੇ ਕੱਟਦਾ ਹੈ, ਇਸ ਲਈ ਮੱਛਰ ਦੇ ਡੰਗ ਤੋਂ ਬਚਣ ਲਈ ਸਰੀਰ ਨੂੰ ਪੂਰੀ ਤਰ੍ਹਾਂ ਢਕ ਕੇ ਰੱਖਣ, ਮੱਛਰਦਾਨੀ ਅਤੇ ਮੱਛਰ ਭਜਾਊ ਤੇਲਾਂ, ਕਰੀਮਾਂ ਜਾਂ ਕੁਆਇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਅੱਜਕੱਲ ਜਿਆਦਾਤਰ ਲਾਰਵਾ ਘਰਾਂ ਅੰਦਰ ਫਰਿੱਜਾਂ ਵਿੱਚੋਂ ਮਿਲ ਰਿਹਾ ਹੈ, ਇਸ ਲਈ ਸਾਨੂੰ ਹਰ ਸ਼ੁਕਰਵਾਰ ਫਰਿੱਜਾਂ ਦੀਆਂ ਟ੍ਰੇਆਂ ਸਮੇਤ ਘਰ ਵਿਚ ਮੌਜੂਦ ਸਾਫ ਪਾਣੀ ਵਾਲੇ ਸਭ ਸ੍ਰੋਤਾਂ ਦੀ ਜਾਂਚ ਕਰਨੀ ਅਤੇ ਉਨ੍ਹਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਉਣਾ ਜਰੂਰੀ ਹੈ। ਅੱਜ ਦੀ ਡ੍ਰਾਈਡੇ ਮੁਹਿੰਮ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਤੋਂ ਇਲਾਵਾ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਗਗਨਪ੍ਰੀਤ ਸਿੰਘ ਅਤੇ 14 ਬ੍ਰੀਡ ਚੈਕਰਾਂ ਦੀ ਪੂਰੀ ਟੀਮ ਸ਼ਾਮਲ ਸੀ।