ਸੋਸ਼ਲ ਮੀਡੀਆ ਤੇ ਹਥਿਆਰ ਨਾਲ ਫੋਟੋ ਪਾਉਣ ਵਾਲੇ ਖਿਲਾਫ ਮੁੱਕਦਮਾ ਦਰਜ,ਪੁਲਿਸ ਅਪਣਾ ਰਹੀ ਸਖਤ ਰਵੱਈਆ

ਮੋਗਾ, 23 ਨਵੰਬਰ:(ਜਸ਼ਨ):ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਹਥਿਆਰਾਂ ਨਾਲ ਹੋਣ ਵਾਲੀਆਂ ਵਾਰਦਾਤਾਂ ਨੂੰ ਰੋਕਣ ਲਈ, ਜਨਤਕ ਥਾਵਾਂ 'ਤੇ ਹਥਿਆਰਾਂ ਦੀ ਨੁੰਮਾਇਸ਼ ਕਰਨ ਵਾਲੇ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫੋਟੋਆਂ ਅਪਲੋਡ ਕਰਨ ਵਾਲਿਆਂ ਖਿਲਾਫ਼ ਮੋਗਾ ਪੁਲਿਸ ਸਖਤ ਰਵੱਈਆ ਅਪਣਾ ਰਹੀ ਹੈ।
ਸੀਨੀਅਰ ਕਪਤਾਨ ਪੁਲਿਸ  ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਨਾਲ ਫੋਟੋਆਂ ਅਪਲੋਡ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 22 ਨਵੰਬਰ, 2022 ਨੂੰ ਜਸਬੀਰ ਸਿੰਘ ਥਾਣਾ ਧਰਮਕੋਟ ਨੂੰ ਧਰਮਕੋਟ ਦੇ ਏਰੀਆ ਦੀ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਭਗਵੰਤ ਸਿੰਘ ਉਰਫ "ਪ੍ਰਧਾਨ ਮੰਤਰੀ ਬਾਜੇਕੇ" ਪੁੱਤਰ ਹਰਜਿੰਦਰ ਸਿੰਘ ਵਾਸੀ ਬਾਜਕੇ ਵੱਲੋਂ ਆਪਣੇ ਹੱਥਾਂ ਵਿੱਚ ਅਸਲਾ ਫੜ ਕੇ ਆਪਣੇ ਫੇਸਬੁੱਕ ਅਕਾਊਂਟ ''ਪ੍ਰਧਾਨ ਮੰਤਰੀ ਬਾਜੇਕੇ'' ਤੇ ਫੋਟੋਆਂ ਪਾ ਕੇ ਹਥਿਆਰਾਂ ਦੀ ਨੁਮਾਇਸ਼ ਕਰ ਰਿਹਾ ਹੈ, ਜਦ ਕਿ ਭਗਵੰਤ ਸਿੰਘ ਉਕਤ ਪਾਸ ਆਪਣਾ ਕੋਈ ਅਸਲਾ ਲਾਇਸੰਸ ਨਹੀਂ ਹੈ। ਜਿਸ ਉੱਪਰ ਭਗਵੰਤ ਸਿੰਘ ਉਕਤ ਖਿਲਾਫ਼ ਮੁਕੱਦਮਾ ਨੰਬਰ 266 ਮਿਤੀ 22.11.2022 ਅ/ਧ 188 ਭ:ਦ: ਅਤੇ 29/30 ਅਸਲਾ ਐਕਟ, ਥਾਣਾ ਧਰਮਕੋਟ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਭਗਵੰਤ ਸਿੰਘ ਉਕਤ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਇਸ ਨੂੰ ਜਲਦ ਹੀ ਇਸ ਮੁਕੱਦਮਾ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਦੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 6 ਮੁੱਕਦਮੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਹਥਿਆਰਾਂ ਦੀ ਕਿਸੇ ਵੀ ਤਰਾਂ ਦੀ ਨੁੰਮਾਇਸ਼ ਕਰਨ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਉਲੰਘਣਾ ਕਰਨ ਵਾਲੇ ਕਸੂਰਵਾਰ ਵਿਅਕਤੀ ਖਿਲਾਫ਼ ਤਰੁੰਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।