ਖੇਡਾਂ ਵਤਨ ਪੰਜਾਬ ਦੀਆਂ- 2022-ਜ਼ਿਲ੍ਹਾ ਮੋਗਾ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ 12 ਗੋਲਡ ਮੈਡਲ, 17 ਸਿਲਵਰ ਮੈਡਲ ਅਤੇ 38 ਬਰੋਨਜ਼ ਮੈਡਲ ਜਿੱਤੇ - ਡਿਪਟੀ ਕਮਿਸ਼ਨਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ
ਮੋਗਾ, 21 ਨਵੰਬਰ:(ਜਸ਼ਨ):
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡ ਵਿਭਾਗ ਦੇ ਯਤਨਾਂ ਸਦਕਾ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਪੂਰੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਸ਼ਿਰਕਤ ਕਰਕੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਕਲਾ ਦੇ ਜ਼ੌਹਰ ਵਿਖਾਏ। ਕਰੀਬ ਢਾਈ ਮਹੀਨੇ ਤੱਕ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਸਮੇਂ ਖਿਡਾਰੀਆਂ ਵਿੱਚ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲ੍ਹਾ ਮੋਗਾ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਮੋਗਾ ਦੇ ਚੰਗੇ ਯਤਨਾਂ ਸਦਕਾ ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਹਮੇਸ਼ਾ ਜੁੜੇ ਰਹਿਣ ਦਾ ਪ੍ਰਣ ਲਿਆ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਖਿਡਾਰੀਆਂ ਲਈ ਵਧੀਆ ਖਾਣੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਤੋਂ ਇਲਾਵਾ ਖਿਡਾਰੀਆਂ ਲਈ ਸੁਰੱਖਿਆ ਪ੍ਰਬੰਧਾਂ ਦੇ ਵੀ ਬੰਦੋਬਸਤ ਕੀਤੇ ਗਏ ਸਨ। ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜ਼ਿਲ੍ਹਾ ਮੋਗਾ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੇ 1296 (814 ਲੜਕੇ ਅਤੇ 482 ਲੜਕੀਆਂ) ਖਿਡਾਰੀਆਂ ਨੇ 23 ਖੇਡਾਂ ਜਰੀਏ ਆਪਣੀ ਖੇਡ ਕਲਾ ਦੇ ਜ਼ੌਹਰ ਮੈਦਾਨ ਵਿੱਚ ਵਿਖਾਏ। ਇਨ੍ਹਾਂ ਵਿੱਚੋਂ 13 ਖੇਡਾਂ ਵਿੱਚ ਵੱਖ ਵੱਖ ਖਿਡਾਰੀਆਂ ਨੇ 67 ਮੈਡਲ ਪ੍ਰਾਪਤ ਕੀਤੇ। ਇਨ੍ਹਾਂ 67 ਮੈਡਲਾਂ ਵਿੱਚ 12 ਗੋਲਡ ਮੈਡਲ, 17 ਸਿਲਵਰ ਮੈਡਲ, 38 ਬਰੋਨਜ਼ ਮੈਡਲ ਸ਼ਾਮਿਲ ਹਨ। ਇਨ੍ਹਾਂ 13 ਖੇਡਾਂ ਵਿੱਚ ਤੀਰਅੰਦਾਜੀ, ਐਥਲੈਟਿਕਸ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਜੁੱਡੋ,ਕਬੱਡੀ ਸਰਕਲ, ਖੋ-ਖੋ, ਕਿੱਕ ਬਾਕਸਿੰਗ, ਰੋਲਰ ਸਕਾਟਿੰਗ, ਸਾਫ਼ਟਬਾਲ, ਸਵਿੰਮਿੰਗ, ਰੈਸਲਿੰਗ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਤੂ ਖਿਡਾਰੀਆਂ ਦਾ ਹੌਂਸਲਾ ਅਫ਼ਜਾਈ ਲਈ ਪਹਿਲੇ ਸਥਾਨ ਵਾਲੇ ਖਿਡਾਰੀਆਂ ਨੂੰ 10,000 ਰੁਪਏ, ਦੂਜੇ ਸਥਾਨ ਵਾਲੇ ਖਿਡਾਰੀਆਂ ਨੂੰ 7,000 ਰੁਪਏ ਅਤੇ ਤੀਜੇ ਸਥਾਨ ਵਾਲੇ ਖਿਡਾਰੀਆਂ ਨੂੰ 5,000 ਰੁਪਏ ਉਸੇ ਦਿਨ ਹੀ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਉਹ ਹਮੇਸ਼ਾ ਖੇਡਾਂ ਨਾਲ ਜੁੜੇ ਰਹਿਣ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣੀ ਖੇਡ ਕਲਾ ਨੂੰ ਹੋਰ ਨਿਖਾਰ ਕੇ ਨੈਸ਼ਨਲ ਅਤੇ ਹੋਰ ਉਚੇਰੇ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਪਿੰਡ ਦਾ, ਆਪਣੇ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।