ਪੰਜਾਬ ਕਾਂਗਰਸ ਨੇ ਐਲਾਨੇ ਨਵੇਂ ਜ਼ਿਲ੍ਹਾ ਪ੍ਰਧਾਨ,ਕਾਕਾ ਲੋਹਗੜ੍ਹ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ,ਮਾਲਵਿਕਾ ਸੂਦ ਬਣੀ ਸੀਨੀਅਰ ਮੀਤ ਪ੍ਰਧਾਨ

ਚੰਡੀਗੜ੍ਹ 19 ਨਵੰਬਰ :(ਜਸ਼ਨ):ਪੰਜਾਬ ਕਾਂਗਰਸ ਵਲੋਂ ਐਲਾਨੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਮੁਤਾਬਿਕ ਪੰਜਾਬ ਦੀ ਸਿਆਸਤ ਵਿਚ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦ ਕਿ ਮਾਲਵਿਕਾ ਸੂਦ ਨੂੰ  ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਇਹ ਲਿਸਟ ਜਾਰੀ ਹੁੰਦਿਆਂ ਹੀ ਮੋਗਾ ਜ਼ਿਲ੍ਹੇ ਦੇ ਕਾਂਗਰਸੀ ਖੇਮਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਡੇ ਕਾਂਗਰਸੀ ਆਗੂਆਂ ਨੇ ਕਾਕਾ ਲੋਹਗੜ੍ਹ ਨੂੰ ਮੁਬਾਰਕਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਕਾਂਗਰਸ ਪਾਰਟੀ ਵਿਚ ਸਮਰਪਿਤ ਆਗੂ ਵਜੋਂ ਸਤਿਕਾਰੇ ਜਾਂਦੇ ਨੇ ਅਤੇ ਮੋਗਾ ਜ਼ਿਲ੍ਹੇ ਵਿਚ ਉਹਨਾਂ ਦਾ ਤਕੜਾ ਜਨਤਕ ਆਧਾਰ ਹੈ। ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵਿਧਾਇਕ ਵਜੋਂ ਆਪਣੇ ਕਾਰਜਕਾਲ ਦੌਰਾਨ ਹਲਕਾ ਧਰਮਕੋਟ ਦਾ ਨਿੱਠ ਕੇ ਵਿਕਾਸ ਕਰਵਾਇਆ ਖਾਸਕਰ ਧਰਮਕੋਟ ਸ਼ਹਿਰ ਦੀ ਕੀਤੀ ਕਾਇਆਕਲਪ ਇਤਿਹਾਸਿਕ ਹੋ ਨਿਬੜੀ। ਚੇਹਰਿਆਂ ਤੇ ਰੌਣਕ ਲਈ ਕਾਂਗਰਸੀ ਵਰਕਰਾਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਕਾਂਗਰਸ ਦੇ ਵਰਕਰਾਂ ਨੂੰ ਦਲੇਰ ਅਤੇ ਧੜੱਲੇਦਾਰ ਆਗੂ ਮਿਲ ਗਿਆ ਹੈ। ਸਿਆਸੀ ਮਾਹਰਾਂ ਦਾ ਆਖਣਾ ਹੈ ਕਿ ਲੋਹਗੜ੍ਹ ਪਰਿਵਾਰ ਦੇ ਰਸੂਖ ਨੂੰ ਦੇਖਦੇ ਹੋਏ ਇਹ ਤਹਿ ਹੈ ਕਿ ਭਵਿੱਖ ਵਿਚ ਹੋਣ ਵਾਲੀ ਕਿਸੇ ਵੀ ਚੋਣ ਦੇ ਨਤੀਜਿਆਂ 'ਤੇ ਦਰਿਆਵਾਂ ਦੇ ਮੂੰਹ ਮੋੜਨ ਵਾਲੇ,  ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਛਾਪ ਦਿਖਾਈ ਦੇਵੇਗੀ।