ਡੇਰਾ ਪ੍ਰੇਮੀ ਪਰਦੀਪ ਦੀ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰ ਗ੍ਰਿਫਤਾਰ,ਇਕ ਮਦਦਗਾਰ ਨੂੰ ਵੀ ਕੀਤਾ ਗ੍ਰਿਫਤਾਰ

ਚੰਡੀਗੜ੍ਹ, 17 ਨਵੰਬਰ:(ਜਸ਼ਨ):ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ ਪ੍ਰਦੀਪ ਸਿੰਘ ਦੀ ਮਿੱਥ ਕੇ ਹੱਤਿਆ ਕਰਨ ਵਾਲੇ ਦੋ ਮੁੱਖ ਸ਼ੂਟਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਾਰਨ ਦਾ ਦਾਅਵਾ ਕੀਤਾ ਹੈ। ਪ੍ਰਦੀਪ ਨੂੰ 6 ਸ਼ੂਟਰਾਂ ਨੇ 10 ਨਵੰਬਰ, 2022 ਨੂੰ ਕੋਟਕਪੂਰਾ ਵਿਖੇ ਉਸਦੀ ਦੁਕਾਨ ਦੇ ਬਾਹਰ  ਮੌਤ ਦੇ ਘਾਟ ਉਤਾਰ ਦਿੱਤਾ ਸੀ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ (26) ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ (22) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ, ਜਦਕਿ ਤੀਜੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ਼ ਮੰਨਾ ਵਾਸੀ ਸ੍ਰੀ ਮੁਕਤਰ ਸਾਹਿਬ ਵਜੋਂ ਹੋਈ ਹੈ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪਹਿਲੇ ਦਿਨ ਹੀ ਦੋ ਮੁੱਖ ਸ਼ੂਟਰ ਮਨਪ੍ਰੀਤ ਮਨੀ ਅਤੇ ਭੁਪਿੰਦਰ ਗੋਲਡੀ ਦੀ ਪਛਾਣ  ਕਰ ਲਈ ਸੀ ਅਤੇ ਇਸ ਸਬੰਧ ਵਿੱਚ ਪੁਲਿਸ ਵੱਲੋਂ ਵਿਆਪਕ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਸਾਂਝੀ ਕਾਰਵਾਈ ਦੌਰਾਨ, ਕਾਊਂਟਰ ਇੰਟੈਲੀਜੈਂਸ ਜਲੰਧਰ, ਹੁਸ਼ਿਆਰਪੁਰ ਪੁਲਿਸ ਅਤੇ ਫਰੀਦਕੋਟ ਪੁਲਿਸ ਨੇ ਹੁਸ਼ਿਆਰਪੁਰ ਜ਼ਿਲੇ ਦੇ ਬਾਹਰੀ ਇਲਾਕੇ ਤੋਂ ਦੋਵਾਂ ਸ਼ੂਟਰਾਂ ਨੂੰ ਕਾਬੂ ਕੀਤਾ, ਜਦੋਂ ਉਹ ਹਿਮਾਚਲ ਪ੍ਰਦੇਸ਼ ਨੂੰ ਭੱਜਣ ਲਈ ਬੱਸ ਫੜਨ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ੂਟਰਾਂ ’ਤੇ ਫਿਰੌਤੀ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਵਾਰਤਦਾਤ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਵਾਲੇ  ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਦੇ ਨੈੱਟਵਰਕ ਵੱਲੋਂ ਰਚੀ ਗਈ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੀ ਆਸ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਜਿਹੀ ਇੱਕ ਹੋਰ ਸਫਲਤਾ ਦਰਜ ਕਰਦਿਆਂ ਫਰੀਦਕੋਟ ਪੁਲਿਸ ਨੇ ਬਲਜੀਤ ਮੰਨਾ, ਜਿਸ ਨੇ ਦੋ ਨਾਬਾਲਗਾਂ ਅਤੇ ਜਤਿੰਦਰ ਜੀਤੂ ਵਜੋਂ ਪਛਾਣੇ ਗਏ ਹਰਿਆਣਾ ਦੇ ਤਿੰਨ ਸ਼ੂਟਰਾਂ ਨੂੰ ਲੋਜਿਸਟਿਕ ਸਹਾਇਤਾ ਪ੍ਰਦਾਨ ਕਿਤੀ ਸੀ, ਦੇ ਦੋਸ਼ ਵਿੱਚ ਫਰੀਦਕੋਟ ਦੇ ਜੈਤੋ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਹਰਿਆਣਾ ਦੇ ਤਿੰਨਾਂ ਸ਼ੂਟਰਾਂ ਨੂੰ ਕੁਝ ਦਿਨ ਪਹਿਲਾਂ ਦਿੱਲੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ।

ਐਸਐਸਪੀ ਫਰੀਦਕੋਟ ਰਾਜਪਾਲ ਸਿੰਘ ਨੇ ਦੱਸਿਆ ਕਿ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ (ਜੇਐਮਆਈਸੀ) ਦੀ ਅਦਾਲਤ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬੱਚਿਆਂ ਦਾ ਪੰਜ ਦਿਨ ਲਈ ਪੁਲੀਸ ਰਿਮਾਂਡ ਦੇਣ ਉਪਰੰਤ ਪੁਲੀਸ ਵਲੋਂ ਦੋਵਾਂ ਨਾਬਾਲਗ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਅਤੇ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।

ਜ਼ਿਕਰਯੋਗ ਹੈ ਕਿ ਥਾਣਾ ਸਿਟੀ ਕੋਟਕਪੂਰਾ ਵਿਖੇ ਆਈਪੀਸੀ ਦੀ ਧਾਰਾ 302, 307, 148, 149 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾਂ 25/54/59 ਅਧੀਨ ਐਫ.ਆਈ.ਆਰ. ਨੰਬਰ 228 ਮਿਤੀ 10.11.2022 ਪਹਿਲਾਂ ਹੀ ਦਰਜ ਹੈ।
|