ਸ਼ਹੀਦ ਹੋਇਆ ਫੌਜ ਦਾ ਜਵਾਨ, ਇਲਾਕੇ ਵਿੱਚ ਸ਼ੋਕ ਦਾ ਆਲਮ
ਬਾਘਾ ਪੁਰਾਣਾ 12 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਫੌਜੀ ਸੁਖਵਿੰਦਰ ਸਿੰਘ ਵਾਸੀ ਭਲੂਰ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਨੌਜਵਾਨ ਦੇਸ਼ ਲਈ ਸ਼ਹੀਦ ਹੋ ਗਿਆ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਜੋ ਕਿ ਫ਼ੌਜ ਵਿੱਚ ਨਾਇਕ ਰੈਂਕ ਤੇ ਲੇਹ ਲਦਾਖ ਵਿਚ ਡਿਊਟੀ ਕਰ ਰਿਹਾ ਸੀ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਨਾਲ ਅਤੇ ਆਕਸੀਜਨ ਦੀ ਘਾਟ ਹੋਣ ਕਾਰਨ ਉਸ ਨੂੰ ਅਟੈਕ ਹੋ ਗਿਆ ਜਿਸ ਨਾਲ ਡਿਊਟੀ ਕਰ ਰਹੇ ਦੂਜੇ ਫ਼ੌਜੀਆਂ ਵੱਲੋਂ ਮੈਡੀਕਲ ਕੈਂਪ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮਿ੍ਤਕ ਕਰਾਰ ਦਿੱਤਾ ਗਿਆ। ਉਸ ਸ਼ਹੀਦ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਫ਼ੌਜੀ ਗੱਡੀ ਤੇ ਫ਼ੌਜੀਆਂ ਦੁਆਰਾ ਤਿਰੰਗੇ ਵਿਚ ਲਪੇਟ ਕੇ ਲਿਆਂਦੀ ਗਈ। ਇਸ ਗੱਲ ਦੀ ਖਬਰ ਮਿਲਦਿਆਂ ਇਲਾਕੇ ਭਰ ਵਿੱਚ ਸ਼ੋਕ ਦਾ ਮਾਤਮ ਛਾ ਗਿਆ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਆਏ। ਫ਼ੌਜੀਅਾਂ ਵੱਲੋਂ ਬੈਂਡ ਦੀ ਧੁਨ ਤੇ ਅਤੇ ਫਾਇਰ ਕਰਕੇ ਸਲਾਮੀ ਦਿੱਤੀ ਗਈ ਅਤੇ ਫੌਜ ਅਧਿਕਾਰੀਆਂ ਵੱਲੋਂ ਫੁੱਲਾਮਾਲਾ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਹੀਦ ਫੌਜੀ ਸੁਖਵਿੰਦਰ ਸਿੰਘ ਭਲੂਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਫੁੱਲ ਮਾਲਾ ਭੇਟ ਕੀਤੀਆਂ ।