ਸਾਬਕਾ ਸਰਪੰਚ ਨੇ ਕੀਤੀ ਖੁਦਕਸ਼ੀ, ਕਾਂਗਰਸੀ ਆਗੂ ਨੇ ਬਾਰਾਂ ਬੋਰ ਦੀ ਰਾਈਫਲ ਨਾਲ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

Tags: 

ਮੋਗਾ, 12 ਨਵੰਬਰ (ਜਸ਼ਨ):ਮੋਗਾ ਜ਼ਿਲੇ ਦੇ  ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ  ਦੀਦਾਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰੁਪਿੰਦਰ ਸਿੰਘ ਰੂਪੀ ਨੇ ਆਪਣੀ ਬਾਰਾਂ ਬੋਰ ਦੀ ਰਾਈਫਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ।
'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ  ਰੁਪਿੰਦਰ ਸਿੰਘ ਰੂਪੀ ਚੁਬਾਰੇ ਵਿਚ ਬੈਠਾ ਸੀ ਜਦ ਕਿ  ਉਸਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਹੋ ਰਹੀ ਸੀ। ਗੋਲੀ ਦੀ ਅਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਕੋਠੇ ਉਪਰ ਚੜ੍ਹ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਾਬਕਾ ਸਰਪੰਚ  ਰੁਪਿੰਦਰ ਸਿੰਘ ਰੂਪੀ ਦੀ ਪਤਨੀ ਨੇ ਦੀਨਾ ਸਾਹਿਬ ਪੁਲਿਸ ਚੌਕੀ ਇੰਚਾਰਜ ਸੁਰਜੀਤ ਸਿੰਘ ਨੂੰ ਲਿਖਾਏ ਬਿਆਨਾਂ ਵਿਚ ਦੱਸਿਆ ਕਿ ਰੁਪਿੰਦਰ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮਿਰਤਕ ਦਾ ਇਕ ਲੜਕਾ ਕਨੇਡਾ ਵਿੱਚ ਅਤੇ ਇਕ ਇਧਰ ਹੈ। ਰੁਪਿੰਦਰ ਸਿੰਘ ਮਿਲਾਪੜੇ ਸੁਭਾਅ ਦਾ ਚੰਗਾ ਵਿਅਕਤੀ ਸੀ। ਮਿਰਤਕ ਦੀ ਲਾਸ਼ ਨੂੰ ਸਮਾਧ ਭਾਈ ਮਿਰਤਕ ਦੇਹ ਸੰਭਾਲ ਘਰ ਵਿਚ ਰਖਵਾ ਦਿੱਤਾ ਗਿਆ ਹੈ । ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਵੱਲੋਂ ਮੌਕੇ ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।