ਟਰੱਕ ਦੇ ਦਰੜਨ ਕਰਕੇ, ਮੋਗਾ ਐੱਸ ਡੀ ਐੱਮ ਦਫਤਰ ਦੀ ਸੁਪਰਡੈਂਟ ਦੀ ਮੌਤ

Tags: 

ਮੋਗਾ 11  ਨਵੰਬਰ (ਜਸ਼ਨ) ਮੋਗਾ ਵਿਖੇ ਵਾਪਰੀ ਦਰਦਨਾਕ ਦੁਰਘਟਨਾ ਵਿਚ ਮੋਗਾ ਐੱਸ ਡੀ ਐੱਮ ਦਫਤਰ ਵਿਚ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੀ ਮੈਡਮ ਊਸ਼ਾ ਰਾਣੀ ਦੀ ਮੌਤ ਹੋ ਗਈ। ਸੇਵਾਮੁਕਤ ਲੈਕਚਰਾਰ ਬਲਵਿੰਦਰ ਸਿੰਘ ਦੀ ਪਤਨੀ ਸਕੂਟਰੀ ਤੇ ਸਵਾਰ ਹੋ ਕੇ ਆਪਣੀ ਦਵਾਈ ਲੈਣ ਜਾ ਰਹੀ ਸੀ ਕਿ ਗਾਂਧੀ ਰੋਡ ਵਲੋਂ ਆਏ ਘੋੜੇ ਟਰਾਲੇ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਲੋਕਾਂ ਦੇ ਰੌਲਾ  ਪਾਉਣ  ਦੇ ਬਾਵਜੂਦ  ਡਰਾਈਵਰ ਨੇ ਟਰੱਕ ਨਹੀਂ ਰੋਕਿਆ ਅਤੇ ਊਸ਼ਾ ਰਾਣੀ ਦਾ ਸਿਰ ਟਰੱਕ ਦੇ ਪਿਛਲੇ ਟਾਇਰਾਂ ਹੇਠ ਆਉਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ। ਲੋਕਾਂ ਦੇ ਦੱਸਣ ਮੁਤਾਬਿਕ ਟਰੱਕ ਗ਼ਲਤ ਦਿਸ਼ਾ ਤੋਂ ਆ ਰਿਹਾ ਸੀ। ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਬਾਅਦ ਵਿਚ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਮਿਰਤਕ ਊਸ਼ਾ ਰਾਣੀ ਅਤੇ ਉਸ ਦੇ ਪਤੀ ਲੈਕਚਰਾਰ ਬਲਵਿੰਦਰ ਸਿੰਘ ਜੁਝਾਰ ਨਗਰ ਵਿਖੇ ਰਹਿ ਰਹੇ ਸਨ ਅਤੇ ਉਹਨਾਂ ਦੇ ਇਕ ਲੜਕਾ ਅਤੇ ਇਕ ਲੜਕੀ ਹੈ।  ਜ਼ਿਕਰਯੋਗ ਹੈ ਕਿ ਟਰੱਕ ਡਰਾਈਵਰ ਦੀ ਅਣਗਹਿਲੀ ਕਰਕੇ ਪਹਿਲਾਂ ਵੀ ਸਕੂਲ ਅਧਿਆਪਕਾ ਦੀ ਮੌਤ ਗਾਂਧੀ ਰੋਡ ਤੇ ਹੀ ਹੋਈ ਸੀ ਤੇ ਅੱਜ ਫੇਰ ਇਸ ਘਟਨਾ ਕਾਰਨ ਪਰਿਵਾਰ ਦੇ ਨਾਲ ਨਾਲ  ਮੋਗਾ ਵਾਸੀ ਸ਼ੋਕ ਵਿਚ ਹਨ।