'ਆਪ' ਸਰਕਾਰ ਸੁਰਾਗ ਹੀਣ, ਸੂਬੇ 'ਚ ਫੈਲੀ ਅਰਾਜਕਤਾ: ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ, 10 ਨਵੰਬਰ: (ਜਸ਼ਨ): ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ।
ਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਪੂਰੀ ਤਰ੍ਹਾਂ ਸੁਰਾਗ ਹੀਣ ਹੈ ਅਤੇ ਪੰਜਾਬ 'ਚ ਅਰਾਜਕਤਾ ਫੈਲ ਚੁੱਕੀ ਹੈ। ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜੋ ਸੂਬੇ ਲਈ ਖ਼ਤਰੇ ਦੀ ਨਿਸ਼ਾਨੀ ਹੈ। ਅੱਜ ਕੋਟਕਪੂਰਾ ਸ਼ਹਿਰ ਵਿੱਚ ਇੱਕ ਡੇਰਾ ਸੱਚਾ ਸੌਦਾ ਪ੍ਰੇਮੀ ਦੇ ਹੋਏ ਕਤਲ ਦਾ ਜ਼ਿਕਰ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਵੜਿੰਗ ਨੇ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ-ਅੰਦਰ ਬੇਅਦਬੀ ਮਾਮਲਿਆਂ ਵਿੱਚ ਨਿਆਂ ਦੇਣ ਦਾ ਵਾਅਦਾ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਅਤੇ ਨਿਰਾਸ਼ ਮਹਿਸੂਸ ਕਰ ਰਹੇ ਹਨ, ਜਿਸਦਾ ਨਤੀਜਾ ਅੱਜ ਕੋਟਕਪੂਰਾ ਵਿੱਚ ਜੋ ਵਾਪਰਿਆ ਹੈ, ਉਹ ਸਭ ਦੇ ਸਾਹਮਣੇ ਹੈ ਅਤੇ ਇਹ ਸੂਬੇ ਲਈ ਚੰਗਾ ਨਹੀਂ ਹੈ। ਉਹਨਾਂ ਨੇ ਸਥਿਤੀ ਨੂੰ ਅਜਿਹੀ ਸਥਿਤੀ ਤੱਕ ਨਾ ਪਹੁੰਚਾਉਣ ਦੀ ਚੇਤਾਵਨੀ ਦਿੱਤੀ ਹੈ ਜਿੱਥੇ ਕੋਈ ਵਾਪਸੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਦੁੱਖ ਝੱਲ ਚੁੱਕੇ ਹਾਂ ਅਤੇ ਕਈ ਕੀਮਤੀ ਜਾਨਾਂ ਗਵਾਈਆਂ ਹਨ, ਅਜਿਹੇ 'ਚ ਅਜਿਹੇ ਹਾਲਾਤ ਦੁਬਾਰਾ ਨਹੀਂ ਆਉਣ ਦਿੱਤੇ ਜਾਣੇ ਚਾਹੀਦੇ। ਪਰ ਜਿਸ ਤਰ੍ਹਾਂ 'ਆਪ' ਸਰਕਾਰ ਸਥਿਤੀ ਨੂੰ ਸੰਭਾਲਣ 'ਚ ਗਲਤੀ ਕਰ ਰਹੀ ਹੈ, ਉਸ ਨਾਲ ਅਸੀਂ ਇਕ ਵਾਰ ਫਿਰ ਖਤਰੇ 'ਚ ਹਾਂ।