ਐੱਸ. ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਸੰਬੰਧੀ ਸ੍ਰੀ ਵਿਜੇ ਸਾਂਪਲਾ ਚੇਅਰਮੈਨ ਐਸ. ਸੀ. ਕਮਿਸ਼ਨ ਨੂੰ ਦਿੱਤਾ ਮੰਗ ਪੱਤਰ
ਮੋਗਾ, 9 ਨਵਬੰਰ (ਜਸ਼ਨ):ਲੰਬੇ ਸਮੇਂ ਤੋਂ ਐੱਸ. ਸੀ. ਵਿਦਿਆਰਥੀਆਂ ਨੂੰ ਪੜ੍ਹਾ ਰਹੇ ਪੰਜਾਬ ਦੇ ਕਾਲਜ ਪ੍ਰਬੰਧਕਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਐੱਸ. ਸੀ. ਵਿਦਿਆਰਥੀਆਂ ਦਾ ਸਕਾਲਰਸ਼ਿਪ ਨਹੀਂ ਮਿਲ ਰਿਹਾ ਜਿਸ ਕਰਕੇ ਕਈ ਕਾਲਜ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਰਕੇ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਵਿਚਕਾਰ ਛੱਡ ਚੁੱਕੇ ਹਨ। ਇਸ ਸਬੰਧ ਵਿਚ ਅੱਜ ਮੋਗਾ ਪਹੁੰਚੇ ਸ੍ਰੀ ਵਿਜੇ ਸਾਂਪਲਾ ਚੇਅਰਮੈਨ ਐਸ. ਸੀ. ਕਮਿਸ਼ਨ ਭਾਰਤ ਸਰਕਾਰ ਨਾਲ ਕਾਲਜ ਜਥੇਬੰਦੀਆਂ ਨੇ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਜੁਆਇੰਟ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ, ਪੁਟੀਆ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਦਵਿੰਦਰਪਾਲ ਸਿੰਘ, ਨਰਸਿੰਗ ਕਾਲਜਾਂ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਦਿਆਲ ਸਿੰਘ ਬੁੱਟਰ ਅਤੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਸਾਂਪਲਾ ਜੀ ਨੇ ਕਾਲਜਾਂ ਦੀਆਂ ਦੁੱਖ ਤਕਲੀਫਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਦਾ ਪੱਕਾ ਅਤੇ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ। ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਅਜੇ ਤੱਕ ਵੀ ਸਾਲ 2017-18, 2018-19 ਅਤੇ 2019-20 ਦੇ ਐੱਸ. ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਕਾਲਜਾਂ ਨੂੰ ਨਹੀਂ ਮਿਲੇ ਅਤੇ ਸਾਲ 2020-21 ਦੇ ਸਕਾਲਰਸ਼ਿਪ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਪਾਏ ਗਏ ਸਨ। ਬਹੁਤੇ ਵਿਦਿਆਰਥੀਆਂ ਨੇ ਇਹ ਰਾਸ਼ੀ ਵੀ ਕਾਲਜਾਂ ਨੂੰ ਜਮ੍ਹਾਂ ਨਹੀਂ ਕਰਵਾਈ। ਕਈ ਵਿਦਿਆਰਥੀ ਇਸ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡ ਗਏ ਹਨ। ਡਾਕਟਰ ਧੂਰੀ ਅਤੇ ਦਵਿੰਦਰ ਪਾਲ ਸਿੰਘ ਨੇ ਸ੍ਰੀ ਵਿਜੇ ਸਾਂਪਲਾ ਜੀ ਦਾ ਵਧੀਆ ਤਰੀਕੇ ਨਾਲ ਕਾਲਜਾਂ ਦੀ ਤਕਲੀਫ ਨੂੰ ਹੱਲ ਕਰਨ ਦੇ ਦਿੱਤੇ ਭਰੋਸੇ ਲਈ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਜਲਦੀ ਹੱਲ ਕਰਨ ਲਈ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਕਾਲਜ ਸਰਕਾਰ ਦਾ ਭਾਰ ਵੰਡਾ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਤੇ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ. ਬੀ. ਐਸ. ਗਰੁੱਪ ਅਤੇ ਸ੍ਰੀ ਅਭਿਸ਼ੇਕ ਜਿੰਦਲ ਚੇਅਰਮੈਨ ਐਸ. ਐਫ. ਸੀ. ਸਕੂਲ ਹਾਜ਼ਰ ਸਨ।