ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾਯਾਫ਼ਤਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਜੇਲ੍ਹ 'ਚ ਸ਼ਿਫਟ ਕੀਤੇ ਜਾਣਗੇ,ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ 104 ਫੁੱਟ ਡੂੰਘੀ ਸੁਰੰਗ ਪੁੱਟ ਕੇ ਹੋਏ ਸੀ ਫਰਾਰ
ਬਾਘਾਪੁਰਾਣਾ 6 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਸਾਹਿਬ ਦੇ ਥਾਪੇ ਗਏ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਬੁੜੈਲ ਜੇਲ੍ਹ ਵਿੱਚ ਲਿਆਂਦਾ ਜਾ ਸਕਦਾ ਹੈ। ਜੱਥੇਦਾਰ ਹਵਾਰਾ ਨੂੰ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਲੰਬੇ ਸਮੇਂ ਤੋਂ ਰੱਖਿਆ ਗਿਆ ਹੈ। ਜਨਵਰੀ 2004 ਵਿੱਚ ਉਹ ਆਪਣੇ ਸਾਥੀਆਂ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਅਤੇ ਕਤਲ ਕੇਸ ਦੇ ਦੋਸ਼ੀ ਦੇਵੀ ਸਿੰਘ ਨਾਲ ਬੁੜੈਲ ਜੇਲ੍ਹ ਵਿੱਚ 104 ਫੁੱਟ ਡੂੰਘੀ ਸੁਰੰਗ ਪਾ ਕੇ ਫਰਾਰ ਹੋ ਗਿਆ ਸੀ। ਦੇਵੀ ਸਿੰਘ ਨੂੰ ਛੱਡ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।ਇਸ ਦੇ ਨਾਲ ਹੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਜੇਲ੍ਹ ਅਥਾਰਟੀ ਨੂੰ ਕਿਹਾ ਹੈ ਕਿ ਜੇਕਰ ਜਥੇਦਾਰ ਹਵਾਰਾ ਖ਼ਿਲਾਫ਼ ਦਿੱਲੀ ਦੀਆਂ ਅਦਾਲਤਾਂ ਵਿੱਚ ਕੋਈ ਹੋਰ ਕੇਸ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ (ਬੜੈਲ ਜੇਲ੍ਹ) ਵਿੱਚ ਤਬਦੀਲ ਕੀਤਾ ਜਾਵੇ। ਇਸ ਨਾਲ ਚੰਡੀਗੜ੍ਹ ਵਿੱਚ ਉਸ ਵਿਰੁੱਧ ਲੰਬਿਤ ਕੇਸਾਂ ਦੀ ਸੁਚੱਜੀ ਸੁਣਵਾਈ ਹੋ ਸਕੇਗੀ। ਦੱਸ ਦੇਈਏ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ ਜਥੇਦਾਰ ਹਵਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਉਸ ਦੇ ਖਿਲਾਫ ਪੰਜਾਬ ਵਿੱਚ ਵੀ ਕੇਸ ਦਰਜ ਕੀਤੇ ਗਏ ਸਨ।ਦਰਅਸਲ, ਚੰਡੀਗੜ੍ਹ ਅਦਾਲਤ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਜਥੇਦਾਰ ਹਵਾਰਾ ਨੂੰ ਨਾ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾ ਸਕਿਆ ਅਤੇ ਨਾ ਹੀ ਉਹ ਵਿਅਕਤੀਗਤ ਤੌਰ ‘ਤੇ ਪੇਸ਼ ਹੋ ਸਕੇ। ਮੁਕੱਦਮੇ ਦੌਰਾਨ ਜੇਲ੍ਹ ਪ੍ਰਸ਼ਾਸਨ ਉਸ ਨੂੰ ਪੇਸ਼ ਨਹੀਂ ਕਰ ਸਕਿਆ। ਅਜਿਹੇ ‘ਚ ਸਰਕਾਰੀ ਵਕੀਲ ਅਤੇ ਜਥੇਦਾਰ ਹਵਾਰਾ ਦੇ ਵਕੀਲ ਨੇ ਕਿਹਾ ਸੀ ਕਿ ਉਸ ਨੂੰ ਨਿੱਜੀ ਤੌਰ ‘ਤੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਜਥੇਦਾਰ ਹਵਾਰਾ ਦੇ 2005 ਦੇ ਇੱਕ ਮਾਮਲੇ ਵਿੱਚ 4 ਅਕਤੂਬਰ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ।ਅਦਾਲਤ ਨੇ ਇਸ ਮਾਮਲੇ ਦੀ ਤਾਜ਼ਾ ਸੁਣਵਾਈ ਦੌਰਾਨ ਕਿਹਾ ਹੈ ਕਿ ਮਾਮਲੇ ‘ਚ ਦੋਸ਼ ਤੈਅ ਕਰਨ ‘ਤੇ ਬਹਿਸ ਸੁਣਾਈ ਜਾਣੀ ਹੈ। ਅਜਿਹੇ ‘ਚ ਦੋਸ਼ੀਆਂ ਦਾ ਪੇਸ਼ ਹੋਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਸਬੰਧਤ ਜੇਲ੍ਹ ਅਥਾਰਟੀ ਨੂੰ ਹਵਾਰਾ ਨੂੰ 17 ਦਸੰਬਰ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਜੇਲ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਜੇਕਰ ਦਿੱਲੀ ‘ਚ ਉਸ ਖਿਲਾਫ ਕੋਈ ਹੋਰ ਮਾਮਲਾ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਜੇਲ ‘ਚ ਤਬਦੀਲ ਕੀਤਾ ਜਾ ਸਕਦਾ ਹੈ।ਦੱਸ ਦਈਏ ਕਿ ਹਵਾਰਾ ਦੇ ਖਿਲਾਫ ਸੈਕਟਰ 17 ਪੁਲਿਸ ਸਟੇਸ਼ਨ ਅਤੇ ਸੈਕਟਰ 34 ਪੁਲਿਸ ਸਟੇਸ਼ਨ ਵਿੱਚ 2 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਹ ਦੇਸ਼ ਧ੍ਰੋਹ, ਅਪਰਾਧਿਕ ਸਾਜ਼ਿਸ਼, ਵਿਸਫੋਟਕ ਐਕਟ, ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ।