ਭਾਈ ਅੰਮ੍ਰਿਤਪਾਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿਖੇ ਨਜ਼ਰਬੰਦ,ਤਸਵੀਰਾਂ ਆਈਆਂ ਸਾਹਮਣੇ,ਆਖਿਆ ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹੈ
ਮੋਗਾ,5 ਨਵੰਬਰ (ਜਸ਼ਨ):ਅੰਮ੍ਰਿਤਸਰ ਵਿਖੇ ਕੱਲ੍ਹ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਨੂੰ ਲੈ ਕੇ ਸਤਰਕ ਹੋਈ ਸੂਬਾ ਪੁਲਿਸ ਨੇ ਹਾਲਾਤਾਂ ਤੇ ਨਜ਼ਰ ਰੱਖਦਿਆਂ ਸਿੱਖ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਂਵਾਲਾ ਵਿਖੇ ਇਕ ਘਰ ਵਿੱਚ ਨਜ਼ਰਬੰਦ ਕਰ ਲਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਕੀਤੇ ਦਾਅਵੇ ਮੁਤਾਬਿਕ ਭਾਈ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿਖੇ ਧਾਰਮਿਕ ਸਮਾਗਮਾਂ ਚ ਹਿੱਸਾ ਲੈਣ ਜਾਣਾ ਸੀ , ਪਰ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਦੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ । ਤਸਵੀਰਾਂ ਤੋਂ ਸਪਸ਼ਟ ਹੈ ਕਿ ਸਿੰਘਾਵਾਲਾ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਹੋਇਆ ਨਜ਼ਰ ਆਉਂਦਾ ਹੈ । ਵਰਨਣਯੋਗ ਹੈ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਸਾਥੀਆਂ ਨੂੰ ਕਤਲ ਦੀ ਵਾਰਦਾਤ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਦੀ ਆਸ਼ੰਕਾ ਹੈ । ਮੀਡੀਆ ਰਿਪੋਰਟਾਂ ਮੁਤਾਬਿਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਨੌਜਵਾਨ ਸੰਦੀਪ ਸਿੰਘ ਸੈਂਡੀ ਦੀ ਗੱਡੀ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਫੋਟੋ ਸਟਿੱਕਰ ਲੱਗੇ ਸਨ ਅਤੇ ਉਸ ਦੀ ਗੱਡੀ ਵਿਚੋਂ ਵੀ ਅਖਬਾਰੀ ਕਾਤਰਾਂ ਜਾਂਚ ਦਾ ਵਿਸ਼ਾ ਹੋ ਸਕਦੀਆਂ ਨੇ ।
ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਕਿ ਜੇ ਸਿੱਖ ਆਪਣੇ ਗੁਰੂਆਂ ਦੇ ਨਗਰ ਕੀਰਤਨ ਵਿਚ ਵੀ ਸ਼ਾਮਿਲ ਨਹੀਂ ਹੋ ਸਕਦੇ ਤਾਂ ਹੋਰ ਗੁਲਾਮੀ ਦੀ ਕਿਹੜੀ ਨਿਸ਼ਾਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਗੁਲਾਮੀ ਦੀ ਇੰਤਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਕਿ ਉਹ ਅੱਜ ਸਿੰਘਾਵਾਲਾ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਏ ਸਨ ਪਰ ਪ੍ਰਸ਼ਾਸਨ ਅਤੇ ਹਿੰਦੋਸਤਾਨ ਦਾ ਨਿਜ਼ਾਮ ਨਹੀਂ ਚਾਹੁੰਦਾ ਕਿ ਨਸ਼ਿਆਂ ਨਾਲ ਨੌਜਵਾਨਾਂ ਦੀ ਹੋ ਰਹੀ ਨਸਲਕੁਸ਼ੀ ਰੁਕੇ ।ਉਹਨਾਂ ਆਖਿਆ ਕਿ ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹੈ ਇਸੇ ਕਰਕੇ ਖਾਲਿਸਤਾਨ ਦੀ ਲੋੜ ਹੈ ।