ਸਰਕਾਰੀ ਸਕੂਲ ਖਾਈ ਦੀਆਂ ਕਬੱਡੀ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਾ ਜਿੱਤਿਆ, ਧਾਲੀਵਾਲ ਐਜੂਕੇਸ਼ਨ ਸਰਵਿਸਸ ਦੇ ਐੱਮ ਡੀ ਸ਼ਮਸ਼ੇਰ ਸਿੰਘ ਧਾਲੀਵਾਲ ਨੇ 11 ਹਜ਼ਾਰ ਰੁਪਏ ਦਾ ਦਿੱਤਾ ਨਕਦ ਇਨਾਮ

ਮੋਗਾ, 5 ਨਵੰਬਰ (ਜਸ਼ਨ): ਪੰਜਾਬ ਰਾਜ ਸਕੂਲ ਖੇਡਾਂ ਦੌਰਾਨ ਲੜਕੀਆਂ ਦੀ ਕਬੱਡੀ 17 ਸਾਲ ਵਰਗ ਵਿੱਚ ਮੋਗਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਖਾਈ ਦੀਆਂ ਖਿਡਾਰਨਾਂ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਧਾਲੀਵਾਲ ਐਜੂਕੇਸ਼ਨ ਸਰਵਿਸਸ ਖਾਈ ਦੇ ਐੱਮ ਡੀ ਸ਼ਮਸ਼ੇਰ ਸਿੰਘ ਧਾਲੀਵਾਲ ਨੇ ਇਸ ਟੀਮ ਦੀ ਹੌਸਲਾ ਅਫਜ਼ਾਈ ਲਈ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ।  ਸਕੂਲ ਪਹੁੰਚਣ ’ਤੇ ਸਰਕਾਰੀ ਹਾਈ ਸਕੂਲ ਖਾਈ ਦੇ ਮੁੱਖ ਅਧਿਆਪਕ ਸ੍ਰੀ ਪ੍ਰਮੋਦ ਗੁਪਤਾ ਅਤੇ ਸਕੂਲ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ ਨੇ ਇਹਨਾਂ ਖਿਡਾਰਨਾਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਇਹਨਾਂ ਵਿਦਿਆਰਥਣਾਂ ’ਤੇ ਮਾਣ ਹੈ । ਉਹਨਾਂ ਆਖਿਆ ਕਿ ਪੀਟੀਆਈ ਸ੍ਰੀਮਤੀ ਸਰਬਜੀਤ ਕੌਰ ਕਾਂਗੜ ਅਤੇ ਪਿੰਡ ਖਾਈ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਸ਼ਰਨ ਸਿੰਘ ਬਾਲ੍ਹਾ ਖਾਈ ਦੀ ਮਿਹਨਤ ਰੰਗ ਲਿਆਈ ਹੈ ਅਤੇ ਵਿਦਿਆਰਥਣਾਂ ਨੇ ਸਕੂਲ ਸਮੇਂ ਦੌਰਾਨ ਤੇ ਫਿਰ ਅਤੇ ਹਰ ਸ਼ਾਮ ਗਰਾਊਂਡ ਵਿਚ ਪਸੀਨਾ ਵਹਾਇਆ ਹੈ ਜਿਸ ਦਾ ਫ਼ਲ ਇਸ ਵੱਡੀ ਜਿੱਤ ਦੇ ਰੂਪ ਵਿਚ ਮਿਲਿਆ ਹੈ। ਸਕੂਲ ਮੀਡੀਆ ਇੰਚਾਰਜ ਕੰਪਿਊਟਰ ਅਧਿਆਪਕ ਪਰਮਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਖਾਈ ਸਕੂਲ ਦੀਆਂ ਇਹਨਾਂ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਇਹ ਵਿਦਿਆਰਥਣਾਂ ਸਕੂਲ , ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ ।  ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ 17 ਸਾਲਾ ਜੇਤੂ ਕਬੱਡੀ ਟੀਮ ਦੀਆਂ ਖਿਡਾਰਨਾਂ ਪ੍ਰਭਜੋਤ ਕੌਰ, ਹੁਸਨਪ੍ਰੀਤ ਕੌਰ, ਮਹਿਕਦੀਪ ਕੌਰ, ਜਸਪ੍ਰੀਤ ਕੌਰ, ਹਰਮਨਜੋਤ ਕੌਰ, ਜਸਮੀਤ ਕੌਰ,ਸੁਵੀਰ ਕੌਰ, ਸੁਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਏਕਨੂਰ ਕੌਰ, ਅਨਮੋਲਦੀਪ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹਨਾਂ ਧੀਆਂ ‘ਤੇ ਮੋਗਾ ਜ਼ਿਲ੍ਹੇ ਨੂੰ ਫਖ਼ਰ ਹੈ ਅਤੇ ਇਹ ਬੱਚੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਪ੍ਰੇਰਨਾਸ੍ਰੋਤ ਬਣਨਗੀਆਂ। 
ਜ਼ਿਕਰਯੋਗ ਹੈ ਕਿ ਇਸ ਟੀਮ ਨੇ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਦੌਰਾਨ ਵੀ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।