ਡਾ. ਇੰਦਰਵੀਰ ਗਿੱਲ ਦੇ ਪਿਤਾ ਕਾਮਰੇਡ ਰਣਧੀਰ ਗਿੱਲ ਨਹੀਂ ਰਹੇ, ਅੰਤਿਮ ਸਸਕਾਰ ਅੱਜ 4 ਨਵੰਬਰ ਨੂੰ

ਮੋਗਾ, 4  ਨਵੰਬਰ (ਜਸ਼ਨ )-ਸੀਨੀਅਰ ਮੈਡੀਕਲ ਅਫ਼ਸਰ ਡਰੋਲੀ ਭਾਈ ਡਾ. ਇੰਦਰਵੀਰ ਸਿੰਘ ਗਿੱਲ ਅਤੇ ਇੰਜ.ਹਰਜਿੰਦਰ ਸਿੰਘ ਗਿੱਲ (ਵਿੱਕੀ) ਕਨੇਡਾ ਦੇ ਪਿਤਾ ਉੱਘੇ ਟਰੇਡ ਯੂਨੀਨਿਸਟ ਅਤੇ ਕਮਿਊਨਿਸਟ ਆਗੂ ਕਾਮਰੇਡ ਰਣਧੀਰ ਸਿੰਘ ਗਿੱਲ ਨਹੀਂ ਰਹੇ ।  ਉਹ ਪਿਛਲੇ ਕੁਝ ਅਰਸੇ ਤੋਂ ਸਰੀਰਕ ਤੌਰ 'ਤੇ ਬਿਮਾਰ ਚੱਲ ਰਹੇ ਸਨ । ਮੋਗਾ ਨੇੜਲੇ ਪਿੰਡ ਬਹੋਨਾ ਦੇ ਜੰਮਪਲ ਕਾਮਰੇਡ ਰਣਧੀਰ ਸਿੰਘ ਗਿੱਲ ਛੋਟੇ ਕਿਸਾਨ ਪਰਿਵਾਰ ਤੋਂ ਉੱਠ ਕੇ ਬੀ.ਏ., ਬੀ.ਐਡ ਕਰਨ ਉਪਰੰਤ ਅਧਿਆਪਨ ਦੇ ਖੇਤਰ ਵਿਚ ਕੁੱਦੇ ਜਿੱਥੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਕਾਬਲੀਅਤ ਬਖ਼ਸ਼ੀ ਉੱਥੇ ਪੰਜਾਬ ਅੰਦਰ ਮਜ਼ਬੂਤ ਅਧਿਆਪਕ ਲਹਿਰ ਵੀ ਜਥੇਬੰਦ ਕੀਤੀ । ਪੰਜਾਬ ਯੂਨੀਵਰਸਿਟੀ ਸੈਨਿਟ ਦੇ ਮੈਂਬਰ ਹੁੰਦਿਆਂ ਉਹ ਹਮੇਸ਼ਾ ਵਿਦਿਆਰਥੀ ਅਤੇ ਅਧਿਆਪਕ ਹਿਤਾਂ ਦੀ ਰਾਖੀ ਲਈ ਡਟਦੇ ਰਹੇ । ਸੇਵਾ-ਮੁਕਤੀ ਉਪਰੰਤ ਉਨ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਮੰਚ ਤੋਂ ਰਾਜਨੀਤਕ ਖੇਤਰ 'ਚ ਵੀ ਸ਼ਾਨਦਾਰ ਭੂਮਿਕਾ ਅਦਾ ਕੀਤੀ ।ਉਹ ਪਾਰਟੀ ਦੇ ਸੂਬਾ ਐਗਜ਼ੈਕਟਿਵ, ਸੂਬਾ ਕੌਂਸਲ ਅਤੇ ਜ਼ਿਲ੍ਹਾ ਸਕੱਤਰ ਵਰਗੇ ਅਹਿਮ ਅਹੁਦਿਆਂ 'ਤੇ ਰਹਿੰਦਿਆਂ ਸੰਘਰਸ਼ਾਂ ਨੂੰ ਲਾਮਬੰਦ ਕਰਦੇ ਰਹੇ ।  ਰਣਧੀਰ ਸਿੰਘ ਗਿੱਲ ਦਾ ਅੰਤਿਮ ਸੰਸਕਾਰ 4 ਨਵੰਬਰ ਨੂੰ ਦੁਪਹਿਰ 1 ਵਜੇ ਉਨ੍ਹਾਂ ਦੇ ਪਿੰਡ ਬਹੋਨਾ (ਮੋਗਾ) ਵਿਖੇ ਕੀਤਾ ਜਾਵੇਗਾ । ਉਨ੍ਹਾਂ ਦੀ ਮਿ੍ਤਕ ਦੇਹ ਨੂੰ ਮੋਗਾ ਵਿਖੇ ਸਥਿਤ ਉਨ੍ਹਾਂ ਦੇ ਘਰ ਤੋਂ ਠੀਕ 12 ਵਜੇ ਬਹੋਨਾ ਪਿੰਡ ਲਈ ਰਵਾਨਾ ਕੀਤਾ ਜਾਵੇਗਾ । ਇਸ ਦੁੱਖ ਦੀ ਘੜੀ ਵਿਚ ਡਾ. ਇੰਦਰਵੀਰ ਸਿੰਘ ਗਿੱਲ ,ਇੰਜ.ਹਰਜਿੰਦਰ ਸਿੰਘ ਗਿੱਲ (ਵਿੱਕੀ) ਕਨੇਡਾ ਅਤੇ ਉਹਨਾਂ ਦੀ ਮਾਤਾ  ਨਾਲ ਵੱਖ-ਵੱਖ ਰਾਜਸੀ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਡਾਕਟਰ ਸਾਹਿਬਾਨਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ ।