ਮੁੱਖ ਮੰਤਰੀ ਨੇ ਵਿਧਾਇਕਾ ਮਾਣੂੰਕੇ ਦੇ ਘਰ ਫੇਰੀ ਪਾਕੇ ਬੀਬੀ ਮਾਣੂੰਕੇ ਦਾ ਸਿਆਸੀ ਕੱਦ ਉਚਾ ਕੀਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਵੀ ਸ਼ਿਰਕਤ ਕੀਤੀ ਗਈ। ਵਿਧਾਇਕਾ ਮਾਣੂੰਕੇ ਅਤੇ ਪਰਿਵਾਰਕ ਮੈਂਬਰਾਂ ਪ੍ਰੋਫੈਸਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਚੀਮਾਂ, ਰਛਪਾਲ ਸਿੰਘ ਚੀਮਨਾਂ, ਪ੍ਰੀਤਮ ਸਿੰਘ ਅਖਾੜਾ, ਸਰਬਜੀਤ ਸਿੰਘ ਆਦਿ ਵੱਲੋਂ ਮੁੱਖ ਮੰਤਰੀ ਦਾ ਗਰਮਜੋਸ਼ੀ ਨਾਲ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਗਿਆ ਅਤੇ ਬੂਹੇ 'ਤੇ ਤੇਲ ਚੋਇਆ ਗਿਆ ਤੇ ਮੁੱਖ ਮੰਤਰੀ ਦੇ ਗੁੱਟ ਤੇ ਭੈਣ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੁਸ਼ੀ ਵਿੱਚ ਖੀਵੇ ਹੋਕੇ ਗਾਨਾ ਵੀ ਬੰਨਿਆਂ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਮਾਜਰਾ, ਠੇਕੇਦਾਰ ਹਾਕਮ ਸਿੰਘ ਵਿਧਾਇਕ ਰਾਏਕੋਟ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਭੈਣ ਦੇ ਘਰ ਤਾਂ ਭਾਵੇਂ ਪਹਿਲਾਂ ਵੀ ਆਉਂਦੇ ਰਹੇ ਹਨ, ਪਰੰਤੂ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭੈਣ ਸਰਵਜੀਤ ਕੌਰ ਮਾਣੂੰਕੇ ਦੇ ਘਰ ਆਉਣ ਦਾ ਸਬੱਬ ਬਣਿਆ ਹੈ ਅਤੇ ਭੈਣ ਦੇ ਘਰ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਉਹਨਾਂ ਆਖਿਆ ਕਿ 2017 ਦੀਆਂ ਚੋਣਾ ਮੌਕੇ ਜਗਰਾਉਂ ਵਿਖੇ ਪਾਣੀ ਵਾਲੀ ਟੈਂਕੀ ਕੋਲ ਗੋਡੇ-ਗੋਡੇ ਪਾਣੀ ਵਿੱਚ ਖੜਕੇ ਰੈਲੀ ਕੀਤੀ ਸੀ। ਇਸ ਲਈ ਮੈਨੂੰ ਪਤਾ ਹੈ ਕਿ ਜਗਰਾਉਂ ਦਾ ਬਹੁਤ ਵਿਕਾਸ ਹੋਣ ਵਾਲਾ ਹੈ ਅਤੇ ਜਗਰਾਉਂ ਹਲਕੇ ਦਾ ਵਿਕਾਸ ਭੈਣ ਮਾਣੂੰਕੇ ਦੀ ਅਗਵਾਈ ਹੇਠ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਵਿਧਾਇਕਾ ਮਾਣੂੰਕੇ ਦੇ ਘਰ ਇੱਕ ਘੰਟੇ ਦੇ ਲਗਭਗ ਰੁਕੇ ਰਹੇ ਅਤੇ ਪਰਿਵਾਰਕ ਗੱਲਾਂਬਾਤਾ ਕਰਦੇ ਰਹੇ। ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੇ 91 ਵਿਧਾਇਕਾਂ ਵਿੱਚੋਂ ਕਿਸੇ ਵਿਧਾਇਕ ਦੇ ਘਰ ਗਏ ਹੋਣ। ਵਿਧਾਇਕਾ ਮਾਣੂੰਕੇ ਵੱਲੋਂ ਮੁੱਖ ਮੰਤਰੀ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਇਕਾ ਮਾਣੂੰਕੇ ਦੇ ਘਰ ਫੇਰੀ ਨੇ ਬੀਬੀ ਮਾਣੂੰਕੇ ਦਾ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਕੱਦ ਹੋਰ ਵੀ ਉਚਾ ਕਰ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ, ਐਸ.ਐਸ.ਪੀ. ਜਗਰਾਉਂ ਹਰਜੀਤ ਸਿੰਘ, ਐਸ.ਡੀ.ਐਮ.ਵਿਕਾਸ ਹੀਰਾ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ, ਸੁਖਵਿੰਦਰ ਸਿੰਘ ਕਾਕਾ, ਮੁਖਤਿਆਰ ਸਿੰਘ ਮਾਣੂੰਕੇ ਆਦਿ ਵੀ ਹਾਜ਼ਰ ਸਨ।