ਇੰਗਲੈਂਡ ਵਿਖੇ ਹੋਣ ਜਾ ਰਹੇ ‘ ਬਾਡੀ ਬਿਲਡਿੰਗ ਵਰਲਡ ਚੈਂਪੀਅਨਸ਼ਿੱਪ’ ਦੇ ਮੁੱਖ ਜੱਜ ਹੋਣਗੇ, ਹਰਵਿੰਦਰ ਸਿੰਘ ਸਲ੍ਹੀਣਾ

ਮੋਗਾ, 28 ਅਕਤੂਬਰ (ਜਸ਼ਨ)-ਗਰੇਟ ਖਲੀ ਨਾਲ ਪੁਲਿਸ ਸੇਵਾਵਾਂ ਨਿਭਾਉਣ ਵਾਲੇ ਹਰਵਿੰਦਰ ਸਿੰਘ ਸਲ੍ਹੀਣਾ, ਨੇ ਪੁਲਿਸ ਦੀ ਨੌਕਰੀ ਛੱਡ, ਮੋਗਾ ‘ਚ ਸਲ੍ਹੀਣਾ ਹੈਲਥ ਕੇਂਦਰ ਖੋਲ੍ਹਦਿਆਂ ਨੌਜਵਾਨਾਂ ਨੂੰ ਸਰੀਰਿਕ ਸੰਭਾਲ ਦਾ ਵਲ ਸਿਖਾਇਆ ਹੈ ਅਤੇ ਅੱਜ ਇਸ ਸੈਂਟਰ ਤੋਂ ਨੌਜਵਾਨ ਲੜਕੇ ਲੜਕੀਆਂ ਟਰੇਨਿੰਗ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ’ਤੇ ਬਾਡੀ ਬਿਲਡਿੰਗ ਦੇ ਖੇਤਰ ਵਿਚ ਨਾਮਣਾ ਖੱਟ ਰਹੇ ਨੇ। 
ਮੋਗਾ ਅਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਲ੍ਹੀਣਾ ਹੈਲਥ ਕੇਂਦਰ ਮੋਗਾ ਦੇ ਸੰਚਾਲਕ  ਅਤੇ ਬਰੋਨਜ਼ ਮੈਡਲ ਵਿਜੇਤਾ ਹਰਵਿੰਦਰ ਸਿੰਘ ਸਲ੍ਹੀਣਾ ਹੁਣ ਇੰਗਲੈਂਡ ਵਿਖੇ ਹੋ ਜਾ ਰਹੀ ਬਾਡੀ ਬਿਲਡਿੰਗ ਵਰਲਡ ਚੈਪਿਅਨਸ਼ਿੱਪ ‘ਚ ਮੁੱਖ ਜੱਜ ਦੀ ਭੂਮਿਕਾ ਨਿਭਾਉਣਗੇ। 
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਸਲ੍ਹੀਣਾ ਆਲ ਇੰਡੀਆ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ  ਜਨਰਲ ਸਕੱਤਰ ਵੀ ਹਨ। ਸਲ੍ਹੀਣਾ ਵੱਲੋਂ ਚਲਾਏ ਜਾ ਰਹੇ ਸਲ੍ਹੀਣਾ ਹੈਲਥ ਸੈਂਟਰ ਤੋਂ ਕੋਚਿੰਗ ਲੈਣ ਵਾਲੇ 20 ਦੇ ਕਰੀਬ ਖਿਡਾਰੀ ਇਸ ਸਮੇਂ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਰਹੇ ਹਨ। ਸਲ੍ਹੀਣਾ ਹੈਲਥ ਸੈਂਟਰ ‘ਚ ਨੌਜਵਾਨ ਲੜਕੇ ਹੀ ਨਹੀਂ ਬਲਕਿ ਲੜਕੀਆਂ ਵੀ ਕੋਚਿੰਗ ਲੈ ਰਹੀਆਂ ਹਨ ਅਤੇ ਇਹ ਉੱਦਮ, ਬਰੋਨਜ਼ ਮੈਡਲ ਵਿਜੇਤਾ ਹਰਵਿੰਦਰ ਸਿੰਘ ਸਲ੍ਹੀਣਾ ਦੀ ਅਗਾਂਹਵਧੂ ਸੋਚ ਨਾਲ ਹੀ ਸੰਭਵ ਹੋ ਸਕਿਆ ਹੈ। 
ਹਰਵਿੰਦਰ ਸਿੰਘ ਸਲੀਣਾ ਨੇ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ 6 ਨਵੰਬਰ 2022 ਨੂੰ ਇੰਗਲੈਂਡ ਵਿਖੇ ਮਿਸਟਰ ਬਾਡੀ ਬਿਲਡਿੰਗ ਇੰਟਰਨੈਸ਼ਨਲ ਸ਼ੋਅ ਵਿਚ ਮੁੱਖ ਜੱਜ ਵਜੋਂ  ਸੇਵਾਵਾਂ ਦੇਣਗੇ । ਉਹਨਾਂ ਆਖਿਆ ਕਿ ਇਹ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਦੀ ਮਨ ਦੀ ਇੱਛਾ ਹੈ ਕਿ ਭਾਰਤ ਦੇ ਖਿਡਾਰੀ ਅਤੇ ਖਿਡਾਰਨਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ’ਤੇ ਤਿਰੰਗੇ ਦੀ ਸ਼ਾਨ ਨੂੰ ਬੁਲੰਦ ਰੱਖਣ।  ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਜ਼ਿੰਦਗੀ ਦੀਆਂ ਉੱਚ ਮੰਜ਼ਿਲਾਂ ਸਰ ਕਰਨ ਲਈ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ।